ਕਾਂਗਰਸ ਮੇਰੀ ਕਬਰ ਪੁੱਟਣ ’ਚ ਰੁੱਝੀ ਹੈ ਤੇ ਮੈਂ ਗਰੀਬਾਂ ਦੀ ਜ਼ਿੰਦਗੀ ਬਿਹਤਰ ਬਣਾਉਣ ’ਚ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ’ਤੇ ਦੋਸ਼ ਲਗਾਇਆ ਕਿ ਉਹ ਉਨ੍ਹਾਂ ਦੀ ਕਬਰ ਪੁੱਟਣ ਵਿੱਚ ਰੁੱਝੀਆਂ ਨੇ ਜਦਕਿ ਉਹ (ਮੋਦੀ) ਦੇਸ਼ ਦੇ ਵਿਕਾਸ ਅਤੇ ਗਰੀਬਾਂ ਦੀ ਭਲਾਈ ਲਈ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦਾ ਆਸ਼ੀਰਵਾਦ ਉਨ੍ਹਾਂ ਲਈ ਸਭ ਤੋਂ ਵੱਡੀ ਸੁਰੱਖਿਆ ਢਾਲ ਹੈ। ਇਸ ਸਾਲ ਕਰਨਾਟਕ ਦੇ ਛੇਵੇਂ ਦੌਰੇ ’ਤੇ ਆਏ ਸ੍ਰੀ ਮੋਦੀ ਨੇ ਕਿਹਾ ਕਿ ਸੂਬੇ ਦੇ ਤੇਜ਼ੀ ਨਾਲ ਵਿਕਾਸ ਲਈ ‘ਡਬਲ ਇੰਜਣ’ ਸਰਕਾਰ ਜ਼ਰੂਰੀ ਹੈ।

ਸ੍ਰੀ ਮੋਦੀ ਨੇ ਇੱਥੇ ਮਾਂਡਿਆ ਜ਼ਿਲ੍ਹੇ ਵਿੱਚ 118 ਕਿਲੋਮੀਟਰ ਲੰਬੇ ਬੰਗਲੁਰੂ-ਮੈਸੂਰ ਐਕਸਪ੍ਰੈੱਸਵੇਅ ਪ੍ਰਾਜੈਕਟ ਦਾ ਉਦਘਾਟਨ ਕਰਦੇ ਹੋਏ ਕਿਹਾ, ‘‘ਦੇਸ਼ ਦੇ ਵਿਕਾਸ ਤੇ ਉਸ ਦੇ ਲੋਕਾਂ ਦੀ ਤਰੱਕੀ ਲਈ ਡਬਲ ਇੰਜਣ ਸਰਕਾਰ ਦੀਆਂ ਕੋਸ਼ਿਸ਼ਾਂ ਵਿਚਾਲੇ ਕਾਂਗਰਸ ਅਤੇ ਉਸ ਦੇ ਸਾਥੀ ਕੀ ਕਰ ਰਹੇ ਹਨ?…ਕਾਂਗਰਸ ਮੋਦੀ ਦੀ ਕਬਰ ਪੁੱਟਣ ਵਿੱਚ ਲੱਗੀ ਹੋਈ ਹੈ ਜਦਕਿ ਮੋਦੀ ਬੰਗਲੂਰੂ-ਮੈਸੂਰ ਐਕਸਪ੍ਰੈੱਸ ਬਣਾਉਣ ਵਿੱਚ ਲੱਗਾ ਹੈ।’’ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਜਿਹੜੇ ਲੋਕ ਮੋਦੀ ਦੀ ਕਬਰ ਪੁੱਟਣ ਦਾ ਸੁਫ਼ਨਾ ਦੇਖ ਰਹੇ ਹਨ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਰੋੜਾਂ ਮਾਵਾਂ, ਭੈਣਾਂ, ਧੀਆਂ ਤੇ ਲੋਕਾਂ ਦਾ ਆਸ਼ੀਰਵਾਦ ਮੋਦੀ ਲਈ ਸਭ ਤੋਂ ਵੱਡੀ ਢਾਲ ਹੈ।’’

ਅਧਿਕਾਰੀਆਂ ਮੁਤਾਬਕ 8480 ਕਰੋੜ ਰੁਪਏ ਨਾਲ ਬਣੇ ਇਸ ਐਕਸਪ੍ਰੈੱਸਵੇਅ ਨਾਲ ਬੰਗਲੂਰੂ ਤੋਂ ਮੈਸੂਰ ਵਿਚਾਲੇ ਸਫ਼ਰ ਤਿੰਨ ਘੰਟਿਆਂ ਤੋਂ ਘੱਟ ਕੇ ਸਿਰਫ 75 ਮਿੰਟਾਂ ਦਾ ਰਹਿ ਗਿਆ ਹੈ।

ਮੋਦੀ ਨੇ ਕਿਹਾ ਕਿ 2014 ਤੋਂ ਪਹਿਲਾਂ ਕੇਂਦਰ ਵਿੱਚ ਇਕ ਗੱਠਜੋੜ ਸਰਕਾਰ ਵੱਖ-ਵੱਖ ਤਰ੍ਹਾਂ ਦੇ ਲੋਕਾਂ ਦੇ ਸਮਰਥਨ ਨਾਲ ਚੱਲ ਰਹੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਸ ਸਰਕਾਰ ਨੇ ਗਰੀਬ ਲੋਕਾਂ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਕਦੇ ਗਰੀਬਾਂ ਦੀਆਂ ਪ੍ਰੇਸ਼ਾਨੀਆਂ ਤੇ ਤਕਲੀਫਾਂ ਦੀ ਪ੍ਰਵਾਹ ਨਹੀਂ ਕੀਤੀ। ਇਸ ਪ੍ਰੋਗਰਾਮ ਵਿੱਚ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਪ੍ਰਹਿਲਾਦ ਜੋਸ਼ੀ ਆਦਿ ਮੌਜੂਦ ਸਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਅੱਜ ਇਤਿਹਾਸਕ ਡਾਂਡੀ ਮਾਰਚ ਦੀ ਵਰ੍ਹੇਗੰਢ ਮੌਕੇ ਮਹਾਤਮਾ ਗਾਂਧੀ ਤੇ ਇਸ ’ਚ ਹਿੱਸਾ ਲੈਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ।

Add a Comment

Your email address will not be published. Required fields are marked *