18 ਸਾਲ ਬਾਅਦ ਟਾਟਾ ਗਰੁੱਪ ਦੀ ਕੰਪਨੀ ਦਾ ਆਵੇਗਾ IPO,ਸੇਬੀ ਦੇ ਕੋਲ ਦਸਤਾਵੇਜ਼ ਜਮ੍ਹਾ

ਨਵੀਂ ਦਿੱਲੀ—ਟਾਟਾ ਸਮੂਹ ਆਪਣੀ ਇਕ ਹੋਰ ਕੰਪਨੀ ਨੂੰ ਘਰੇਲੂ ਸ਼ੇਅਰ ਬਾਜ਼ਾਰ ‘ਚ ਲਿਸਟ ਕਰਨ ਦੀ ਤਿਆਰੀ ‘ਚ ਲੱਗ ਗਿਆ ਹੈ। ਕੰਪਨੀ ਦਾ ਨਾਮ ਟਾਟਾ ਟੈਕਨਾਲੋਜੀ ਹੈ,  ਜਿਸ ਦੇ ਆਈ.ਪੀ.ਓ ਨੂੰ ਲਾਂਚ ਕਰਨ ਲਈ ਗਰੁੱਪ ਨੇ ਬਾਜ਼ਾਰ ਰੈਗੂਲੇਟਰ ਸੇਬੀ ਦੇ ਕੋਲ ਦਸਤਾਵੇਜ਼ ਜਮ੍ਹਾ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਆਈ.ਪੀ.ਓ. ਪੂਰੀ ਤਰ੍ਹਾਂ ਆਫਰ ਫਾਰ ਸੇਲ (ਓ.ਐੱਫ.ਐੱਸ) ਹੋਵੇਗਾ ਅਤੇ ਇਸ ਦੇ ਤਹਿਤ ਮੌਜੂਦਾ ਪ੍ਰਮੋਟਰ ਅਤੇ ਸ਼ੇਅਰਧਾਰਕ 9.5 ਕਰੋੜ ਸ਼ੇਅਰਾਂ ਦੀ ਵਿਕਰੀ ਕਰਨਗੇ।
ਲਗਭਗ 18 ਸਾਲਾਂ ਬਾਅਦ ਟਾਟਾ ਗਰੁੱਪ ਆਪਣੀ ਕਿਸੇ ਕੰਪਨੀ ਦਾ ਆਈ.ਪੀ.ਓ ਲੈ ਕੇ ਆ ਰਹੀ ਹੈ। 2004 ‘ਚ ਟੀ.ਸੀ.ਐੱਸ. ਤੋਂ ਬਾਅਦ ਟਾਟਾ ਸਮੂਹ ਦੀ ਕਿਸੇ ਵੀ ਕੰਪਨੀ ਦੀ ਘਰੇਲੂ ਸਟਾਕ ਮਾਰਕੀਟ ‘ਚ ਐਂਟਰੀ ਨਹੀਂ ਹੋਈ ਹੈ।

ਟਾਟਾ ਟੈਕਨਾਲੋਜੀਜ਼ ਦੇ ਇਸ਼ੂ ਦੇ ਤਹਿਤ ਟਾਟਾ ਮੋਟਰਜ਼ 8.11 ਕਰੋੜ, ਅਲਫ਼ਾ ਟੀਸੀ ਹੋਲਡਿੰਗਜ਼ 97.2 ਲੱਖ ਅਤੇ ਟਾਟਾ ਕੈਪੀਟਲ ਗਰੋਥ ਫੰਡ 1 ਆਪਣੇ ਹਿੱਸੇ ਦੇ 48.6 ਲੱਖ ਇਕੁਇਟੀ ਸ਼ੇਅਰਾਂ ਦੀ ਵੀ ਵਿਕਰੀ ਕਰੇਗੀ। ਟਾਟਾ ਟੈਕਨਾਲੋਜੀਜ਼ ‘ਚ ਟਾਟਾ ਮੋਟਰਜ਼ ਦੀ 74.69 ਫ਼ੀਸਦੀ, ਅਲਫਾ ਟੀਸੀ ਹੋਲਡਿੰਗਜ਼ 7.26 ਫ਼ੀਸਦੀ ਅਤੇ ਟਾਟਾ ਕੈਪੀਟਲ ਗਰੋਥ ਫੰਡ 1 ਦੀ 3.53 ਫ਼ੀਸਦੀ ਹਿੱਸੇਦਾਰੀ ਹੈ।
ਟਾਟਾ ਟੈਕਨੋਲੋਜੀਜ਼ ਦੇ ਇਸ ਇਸ਼ੂ ਲਈ ਬੋਫਾ, ਸਕਿਓਰਿਟੀਜ਼ ਅਤੇ ਸਿਟੀ ਗਰੁੱਪ ਗਲੋਬਲ ਮਾਰਕਿਟ ਇੰਡੀਆ ਦੁਆਰਾ ਲੀਡ ਮੈਨੇਜਰਸ ਹਨ। ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ ਕੰਪਨੀ ਆਈ.ਪੀ.ਓ. ਤੋਂ ਪ੍ਰਾਪਤ ਰਕਮ ਦੀ ਵਰਤੋਂ ਤਕਨਾਲੋਜੀ ਦੇ ਵਿਸਥਾਰ ਲਈ ਕਰੇਗੀ।

ਟਾਟਾ ਟੈਕਨਾਲੋਜੀ ਆਟੋ, ਏਰੋਸਪੇਸ, ਉਦਯੋਗਿਕ ਭਾਰੀ ਮਸ਼ੀਨਰੀ ਅਤੇ ਹੋਰ ਉਦਯੋਗਾਂ ਨੂੰ ਸੇਵਾਵਾਂ ਪ੍ਰਦਾਨ ਕਰਵਾਉਂਦੀ ਹੈ। ਟਾਟਾ ਟੈਕਨਾਲੋਜੀ ਦੁਨੀਆ ਦੇ ਕਈ ਦੇਸ਼ਾਂ ‘ਚ ਕੰਮ ਕਰਦੀ ਹੈ। ਕੰਪਨੀ ਕੋਲ ਦੁਨੀਆ ਭਰ ‘ਚ 9300 ਕਰਮਚਾਰੀਆਂ ਦੀ ਵਰਕ ਫੋਰਸ ਹੈ। ਨਾਰਥ ਅਮਰੀਕਾ ਤੋਂ ਲੈ ਯੂਰਪ ਤੱਕ ‘ਚ ਕੰਪਨੀ ਦਾ ਕਾਰੋਬਾਰ ਫੈਲਿਆ ਹੈ। ਦਸੰਬਰ 2022 ‘ਚ ਟਾਟਾ ਟੈਕਨਾਲੋਜੀਜ਼ ਦੀ ਮੂਲ ਕੰਪਨੀ ਟਾਟਾ ਮੋਟਰਜ਼ ਨੇ ਇੱਕ ਆਈ.ਪੀ.ਓ. ਰਾਹੀਂ ਟਾਟਾ ਟੈਕਨੋਲੋਜੀਜ਼ ‘ਚ ਹਿੱਸੇਦਾਰੀ ਦੀ ਵਿਕਰੀ ਨੂੰ ਮਨਜ਼ੂਰੀ ਦਿੱਤੀ ਸੀ। ਉਸ ਸਮੇਂ ਰੈਗੂਲੇਟਰੀ ਫਾਈਲਿੰਗ ‘ਚ ਟਾਟਾ ਮੋਟਰਜ਼ ਨੇ ਦੱਸਿਆ ਸੀ ਕਿ ਟਾਟਾ ਟੈਕ ਦਾ ਆਈ.ਪੀ.ਓ ਸਹੀ ਸਮਾਂ, ਬਿਹਤਰ ਵਾਤਾਵਰਣ ਅਤੇ ਰੈਗੂਲੇਟਰੀ ਕਲੀਅਰੈਂਸ ਮਿਲਣ ਤੋਂ ਬਾਅਦ ਲਾਂਚ ਕੀਤਾ ਹੋਵੇਗਾ।

ਟਾਟਾ ਗਰੁੱਪ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ ਦੇ ਕਾਰਜਕਾਲ ਦਾ ਇਹ ਪਹਿਲਾ ਆਈ.ਪੀ.ਓ ਹੋਵੇਗਾ। ਚੰਦਰਸ਼ੇਖਰਨ ਨੇ 2017 ‘ਚ ਟਾਟਾ ਗਰੁੱਪ ਦਾ ਚਾਰਜ ਸੰਭਾਲਿਆ ਸੀ। ਟਾਟਾ ਆਟੋਕਾਮਪ ਨੇ 2011 ‘ਚ ਆਪਣੇ 260 ਮਿਲੀਅਨ ਡਾਲਰ ਆਈ.ਪੀ.ਓ ਨੂੰ ਮੁਲਤਵੀ ਕਰ ਦਿੱਤਾ ਸੀ। ਇਕ ਰਿਪੋਰਟ ਮੁਤਾਬਕ ਟਾਟਾ ਸਕਾਈ (ਹੁਣ ਟਾਟਾ ਪਲੇਅ) ਵੀ ਲਿਸਟਿੰਗ ਪਲਾਨ ‘ਤੇ ਕੰਮ ਕਰ ਰਿਹਾ ਹੈ। 31 ਦਸੰਬਰ 2021 ਤੱਕ ਟਾਟਾ ਸਮੂਹ ਦੇ 29 ਇੰਟਰਪ੍ਰਾਈਜੇਜ਼ ਜਨਤਕ ਤੌਰ ‘ਤੇ ਮਾਰਕੀਟ ‘ਚ ਸੂਚੀਬੱਧ ਕੀਤੇ ਗਏ ਸਨ ਅਤੇ ਉਨ੍ਹਾਂ ਦੀ ਕੁੱਲ ਮਾਰਕੀਟ ਪੂੰਜੀਕਰਣ 314 ਬਿਲੀਅਨ ਡਾਲਰ (23.4 ਟ੍ਰਿਲੀਅਨ) ਸੀ।

Add a Comment

Your email address will not be published. Required fields are marked *