ਅੰਮ੍ਰਿਤਪਾਲ ਸਿੰਘ ਨੇ ਵੀਡੀਓ ਜਾਰੀ ਕਰ ਕੇ ਚੜ੍ਹਦੀ ਕਲਾ ’ਚ ਹੋਣ ਦਾ ਦਾਅਵਾ ਕੀਤਾ

ਚੰਡੀਗੜ੍ਹ, 29 ਮਾਰਚ-: ‘ਵਾਰਿਸ ਪੰਜਾਬ ਦੇ’ ਪ੍ਰਮੁੱਖ ਅੰਮ੍ਰਿਤਪਾਲ ਸਿੰਘ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਤਮ-ਸਮਰਪਣ ਦੇ ਕਿਆਸਾਂ ਦੌਰਾਨ ਆਪਣੀ ਛੁਪਣਗਾਹ ਤੋਂ ਇੱਕ ਵੀਡੀਓ ਸੁਨੇਹਾ ਜਾਰੀ ਕਰ ਕੇ ਦਾਅਵਾ ਕੀਤਾ ਹੈ ਕਿ ਉਹ ਚੜ੍ਹਦੀ ਕਲਾ ’ਚ ਹੈ। ਉਸ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਕਿਹਾ ਕਿ ਉਹ ਵਿਸਾਖੀ ’ਤੇ ਸਰਬੱਤ ਖਾਲਸਾ ਸੱਦ ਕੇ ਸਿੱਖ ਭਾਈਚਾਰੇ ਨਾਲ ਸਬੰਧਤ ਮੁੱਦਿਆਂ ’ਤੇ ਵਿਚਾਰਾਂ ਕਰਨ। ਕਰੀਬ ਬਾਰ੍ਹਾਂ ਦਿਨਾਂ ਦੀ ਲੁਕਣਮੀਟੀ ਮਗਰੋਂ ਜਾਰੀ ਸੁਨੇਹੇ ਵਿੱਚ ਜਿੱਥੇ ਅੰਮ੍ਰਿਤਪਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਅਗਵਾਈ ਲਈ ਆਸਵੰਦ ਦਿਖਿਆ ਹੈ, ਉੱਥੇ ਉਸ ਨੇ ਲੋਕਾਂ ’ਤੇ ਵੀ ਟੇਕ ਲਾਈ ਹੋਈ ਹੈ ਕਿ ਇਸ ਔਖੀ ਘੜੀ ’ਚ ਉਹ ਉਸ ਦਾ ਸਾਥ ਦੇਣਗੇ। ਅੰਮ੍ਰਿਤਪਾਲ ਨੇ ਵੀਡੀਓ ਸੁਨੇਹਾ ਜਾਰੀ ਕਰਕੇ ਉਸ ਦੇ ਪੁਲੀਸ ਹਿਰਾਸਤ ’ਚ ਹੋਣ ਦੇ ਭਰਮਾਂ ਤੋਂ ਵੀ ਧੂੜ ਝਾੜ ਦਿੱਤੀ ਹੈ।

ਅੰਮ੍ਰਿਤਪਾਲ ਨੇ ਵੀਡੀਓ ਸੁਨੇਹੇ ਜ਼ਰੀਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ’ਤੇ ਚਰਚਾ ਲਈ ਅਗਲੇ ਮਹੀਨੇ ਵਿਸਾਖੀ ਦਿਹਾੜੇ ’ਤੇ ਸਰਬੱਤ ਖ਼ਾਲਸਾ ਸੱਦਣ। ਉਸ ਨੇ ਕਿਹਾ ਕਿ ਲੋਕ ਪਹਿਲਾਂ ਹੀ ਜਾਗਰੂਕ ਹਨ ਜਿਸ ਕਰਕੇ ਜਥੇਦਾਰ ਹੁਣ ਲੋਕ ਮਨਾਂ ਵਿਚ ਬਣੇ ਖੌਫ਼ ਨੂੰ ਤੋੜਨ ਲਈ ਅਗਵਾਈ ਕਰਨ। ਉਨ੍ਹਾਂ ਕਿਹਾ ਕਿ ਜੇ ਜਵਾਨੀ ਤੇ ਪੰਜਾਬ ਨੂੰ ਬਚਾਉਣਾ ਹੈ ਤਾਂ ਭਾਈਚਾਰੇ ਨੂੰ ਛੋਟੇ ਮੋਟੇ ਧਰਨਿਆਂ ਤੇ ਮੋਰਚਿਆਂ ਦੀ ਥਾਂ ਉਸੇ ਤਰ੍ਹਾਂ ਸਰਬੱਤ ਖ਼ਾਲਸਾ ਵਿਚ ਹਿੱਸਾ ਲੈਣਾ ਚਾਹੀਦਾ ਹੈ ਜਿਵੇਂ ਅਬਦਾਲੀ ਦੁਆਰਾ ਸਿੱਖਾਂ ਦੀ ਨਸਲਕੁਸ਼ੀ ਕਰਨ ਤੋਂ ਬਾਅਦ ਸਰਬੱਤ ਖ਼ਾਲਸਾ ’ਚ ਇਕੱਠ ਹੋਇਆ ਸੀ। ਅੰਮ੍ਰਿਤਪਾਲ ਸਿੰਘ ਨੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਸਰਬੱਤ ਖ਼ਾਲਸਾ ਵਿਚ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਜੇ ਅਸੀਂ ਇਸ ਵੇਲੇ ਵੀ ਘਰਾਂ ਵਿਚ ਬੈਠੇ ਰਹੇ ਤਾਂ ਆਉਣ ਵਾਲੀ ਪੀੜ੍ਹੀ ਕਦੇ ਮੁਆਫ਼ ਨਹੀਂ ਕਰੇਗੀ। ਅੰਮ੍ਰਿਤਪਾਲ ਨੇ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਨੇ ਫੜੇ ਗਏ ਸਿੰਘਾਂ ਦੀ ਰਿਹਾਈ ਲਈ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ, ਪਰ ਸਰਕਾਰ ਨੇ ਜਥੇਦਾਰ ਦੇ ਅਲਟੀਮੇਟਮ ਨੂੰ ਬੜੇ ਘਟੀਆ ਢੰਗ ਨਾਲ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਜਥੇਦਾਰ ਨੂੰ ਹੁਣ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ ਤੇ ਵਿਸਾਖੀ ’ਤੇ ਸਰਬੱਤ ਖ਼ਾਲਸਾ ਸੱਦਣਾ ਚਾਹੀਦਾ ਹੈ। ਅੰਮ੍ਰਿਤਪਾਲ ਨੇ ਜਥੇਬੰਦੀ ਖ਼ਿਲਾਫ਼ ਕਾਰਵਾਈ ਨੂੰ ਸਿੱਖ ਕੌਮ ’ਤੇ ਹਮਲਾ ਦੱਸਿਆ ਹੈ। ਉਹ ਆਖਦਾ ਹੈ ਕਿ 18 ਮਾਰਚ ਤੋਂ ਬਾਅਦ ਇੰਟਰਨੈੱਟ ਬੰਦ ਹੋ ਗਿਆ ਅਤੇ ਖ਼ਬਰਾਂ ਦਾ ਪਤਾ ਨਹੀਂ ਲੱਗਿਆ। ਅੰਮ੍ਰਿਤਪਾਲ ਸਿੰਘ ਦਾ ਕਹਿਣਾ ਸੀ ਕਿ ਅੱਜ ਖ਼ਬਰਾਂ ਦੇਖੀਆਂ ਹਨ ਕਿ ਸਰਕਾਰ ਜ਼ੁਲਮ ਦੀ ਹੱਦ ਟੱਪ ਗਈ ਹੈ। ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਵਿਚ ਫਸਾ ਦਿੱਤਾ ਹੈ ਅਤੇ ਔਰਤਾਂ ਤੇ ਬੱਚਿਆਂ ਨੂੰ ਵੀ ਨਹੀਂ ਬਖ਼ਸ਼ਿਆ। ਅਜਿਹਾ ਹੀ ਬੇਅੰਤ ਸਿੰਘ ਦੀ ਸਰਕਾਰ ਨੇ ਕੀਤਾ ਸੀ। ਪ੍ਰਧਾਨ ਮੰਤਰੀ ਬਾਜੇਕੇ ਵਰਗੇ ਲੋਕਾਂ ਅਤੇ ਹੋਰਨਾਂ ਨੂੰ ਬਿਨਾਂ ਕਿਸੇ ਕਾਰਨ ਐੱਨਐੱਸਏ ਲਾ ਕੇ ਅਸਾਮ ਦੀਆਂ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਹੈ। ਉਨ੍ਹਾਂ ਨੇ ਸੰਗਤਾਂ ਦਾ ਧੰਨਵਾਦ ਵੀ ਕੀਤਾ ਅਤੇ ਸਰਬੱਤ ਖ਼ਾਲਸਾ ਵਾਸਤੇ ਕਮਰਕੱਸੇ ਕਰਨ ਦੀ ਅਪੀਲ ਕੀਤੀ।

Add a Comment

Your email address will not be published. Required fields are marked *