ਪਾਕਿਸਤਾਨ ਦੇ ਸਾਬਕਾ ਅੰਪਾਇਰ ਅਸਦ ਰਾਊਫ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ
![](http://mehakewattan.com/wp-content/uploads/2022/09/2022_9image_11_33_562729387asad-ll.jpg)
ਨਵੀਂ ਦਿੱਲੀ – ਪਾਕਿਸਤਾਨ ਦੇ ਸਾਬਕਾ ਅੰਪਾਇਰ ਅਸਦ ਰਾਊਫ ਦਾ ਲਾਹੌਰ ‘ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਹ 66 ਸਾਲਾਂ ਦੇ ਸਨ। ਰਾਊਫ ਨੇ ਸਾਲ 2000 ਵਿੱਚ ਅੰਪਾਇਰ ਦੇ ਤੌਰ ‘ਤੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 64 ਟੈਸਟ ਮੈਚਾਂ ਵਿੱਚ ਅੰਪਾਇਰਿੰਗ ਕੀਤੀ, ਜਿਸ ਵਿੱਚ ਉਹ 49 ਮੈਚਾਂ ਵਿੱਚ ਇੱਕ ਮੈਦਾਨੀ ਅੰਪਾਇਰ ਅਤੇ 15 ਮੈਚਾਂ ਵਿੱਚ ਟੀਵੀ ਅੰਪਾਇਰ ਰਹੇ। ਇਸ ਤੋਂ ਇਲਾਵਾ ਉਨ੍ਹਾਂ ਨੇ 139 ਵਨਡੇ ਅਤੇ 28 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਵੀ ਅੰਪਾਇਰਿੰਗ ਕੀਤੀ। ਉਹ 2000 ਦੇ ਦਹਾਕੇ ਵਿੱਚ ਪਾਕਿਸਤਾਨ ਦੇ ਪ੍ਰਮੁੱਖ ਅੰਪਾਇਰਾਂ ਵਿੱਚੋਂ ਇੱਕ ਸਨ।
ਮੀਡੀਆ ਰਿਪੋਰਟਾਂ ਮੁਤਾਬਕ ਰਾਊਫ ਨੂੰ ਬੁੱਧਵਾਰ ਨੂੰ ਲਾਹੌਰ ਸਥਿਤ ਆਪਣੀ ਦੁਕਾਨ ਤੋਂ ਵਾਪਸ ਆਉਣ ਤੋਂ ਤੁਰੰਤ ਬਾਅਦ ਦਿਲ ਦਾ ਦੌਰਾ ਪਿਆ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਪ੍ਰਧਾਨ ਰਮੀਜ਼ ਰਾਜਾ ਨੇ ਟਵੀਟ ਕੀਤਾ, ‘ਅਸਦ ਰਾਊਫ ਦੇ ਦਿਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਉਹ ਨਾ ਸਿਰਫ਼ ਇੱਕ ਚੰਗੇ ਅੰਪਾਇਰ ਸਨ, ਸਗੋਂ ਉਹ ਹੱਸ-ਮੁੱਖ ਵੀ ਸਨ। ਉਹ ਹਮੇਸ਼ਾ ਮੇਰੇ ਚਿਹਰੇ ‘ਤੇ ਮੁਸਕਰਾਹਟ ਲਾਉਂਦੇ ਸੀ ਅਤੇ ਜਦੋਂ ਵੀ ਮੈਨੂੰ ਉਨ੍ਹਾਂ ਦੀ ਯਾਦ ਆਵੇਗੀ, ਮੈਂ ਅਜਿਹਾ ਹੀ ਕਰਾਂਗਾ। ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਹਮਦਰਦੀ ਹੈ।’