ਆਖਿਰ ਕਿਵੇਂ ਫੈਲਿਆ ਸੀ ਕੋਰੋਨਾ, ਅਮਰੀਕਾ ‘ਚ ਖੁੱਲ੍ਹੇਗਾ ਰਾਜ਼

ਵਾਸ਼ਿੰਗਟਨ : ਅਮਰੀਕਾ ‘ਚ ਕੋਵਿਡ-19 ਦੀ ਸ਼ੁਰੂਆਤ ਕਿਵੇਂ ਹੋਈ ਸੀ, ਇਸ ਰਾਜ਼ ਤੋਂ ਪਰਦਾ ਉਠਾਉਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਅਮਰੀਕੀ ਪ੍ਰਤੀਨਿਧੀ ਸਭਾ ਨੇ ਸ਼ੁੱਕਰਵਾਰ ਨੂੰ ਕੋਵਿਡ -19 ਦੀ ਉਤਪਤੀ ਬਾਰੇ ਖੁਫੀਆ ਜਾਣਕਾਰੀ ਜਨਤਕ ਕਰਨ ਲਈ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ। ਸਦਨ ‘ਚ ਦੋਵੇਂ ਪਾਰਟੀਆਂ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ। ਇਸ ਘਾਤਕ ਮਹਾਮਾਰੀ ਦੀ ਸ਼ੁਰੂਆਤ ਨੂੰ 3 ਸਾਲ ਪੂਰੇ ਹੋ ਚੁੱਕੇ ਹਨ।

ਸਦਨ ਨੇ ਇਸ ਪ੍ਰਸਤਾਵ ਨੂੰ ਸਿਫ਼ਰ ਦੇ ਮੁਕਾਬਲੇ 419 ਵੋਟਾਂ ਨਾਲ ਮਨਜ਼ੂਰੀ ਦਿੱਤੀ। ਹੁਣ ਇਸ ਨੂੰ ਰਾਸ਼ਟਰਪਤੀ ਜੋਅ ਬਾਈਡੇਨ ਕੋਲ ਭੇਜਿਆ ਜਾਵੇਗਾ ਤਾਂ ਜੋ ਇਸ ਨੂੰ ਕਾਨੂੰਨ ਦਾ ਰੂਪ ਮਿਲ ਸਕੇ। ਇਸ ਪ੍ਰਸਤਾਵ ‘ਤੇ ਚਰਚਾ ਸੰਖੇਪ ਅਤੇ ਇਸ ਵਿਸ਼ੇ ‘ਤੇ ਕੇਂਦਰਿਤ ਸੀ ਕਿ ਅਮਰੀਕੀ ਲੋਕ ਜਾਣਨਾ ਚਾਹੁੰਦੇ ਹਨ ਕਿ ਜਾਨਲੇਵਾ ਵਾਇਰਸ ਕਿਵੇਂ ਸ਼ੁਰੂ ਹੋਇਆ ਅਤੇ ਭਵਿੱਖ ਵਿੱਚ ਅਜਿਹੇ ਪ੍ਰਕੋਪ ਨੂੰ ਰੋਕਣ ਲਈ ਕੀ ਕਦਮ ਚੁੱਕੇ ਜਾ ਸਕਦੇ ਹਨ। ਹਾਊਸ ਕਮੇਟੀ ਦੇ ਚੇਅਰਮੈਨ ਮਾਈਕਲ ਟਰਨਰ ਨੇ ਕਿਹਾ, “ਅਮਰੀਕੀ ਜਨਤਾ ਨੂੰ ਕੋਵਿਡ ਮਹਾਮਾਰੀ ਨਾਲ ਜੁੜੇ ਹਰ ਪਹਿਲੂ ਨੂੰ ਜਾਣਨ ਦਾ ਅਧਿਕਾਰ ਹੈ।”

ਵਿਸ਼ਵ ਸਿਹਤ ਸੰਗਠਨ ਨੇ ਮਾਰਚ 2020 ‘ਚ ਕੋਰੋਨਾ ਨੂੰ ਮਹਾਮਾਰੀ ਐਲਾਨਿਆ ਸੀ। ਯੂਐੱਸ ਖੁਫੀਆ ਏਜੰਸੀਆਂ ‘ਚ ਇਸ ਗੱਲ ਨੂੰ ਲੈ ਕੇ ਮਤਭੇਦ ਹਨ ਕਿ ਕੀ ਇਹ ਲੈਬ ‘ਚ ਲੀਕ ਤੋਂ ਪੈਦਾ ਹੋਇਆ ਜਾਂ ਜਾਨਵਰਾਂ ਤੋਂ ਵਾਇਰਸ ਫੈਲਿਆ। ਕਈ ਮਾਹਿਰਾਂ ਦਾ ਕਹਿਣਾ ਹੈ ਕਿ ਕਈ ਸਾਲਾਂ ਤੱਕ ਕੋਰੋਨਾ ਵਾਇਰਸ ਮਹਾਮਾਰੀ ਦੇ ਮੂਲ ਕਾਰਨ ਦਾ ਪਤਾ ਨਹੀਂ ਲੱਗ ਸਕੇਗਾ। ਇਸ ਬਿਮਾਰੀ ਕਾਰਨ ਅਮਰੀਕਾ ਵਿੱਚ 10 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

Add a Comment

Your email address will not be published. Required fields are marked *