ਕਦੋਂ ਤੋਂ ਮਿਲ ਰਹੀਆਂ ਬੰਬੀਹਾ ਗਰੁੱਪ ਵਲੋਂ ਧਮਕੀਆਂ ਤੇ ਕਿਉਂ ਵਿਦੇਸ਼ ਗਏ ਮਨਕੀਰਤ ਔਲਖ?

ਚੰਡੀਗੜ੍ਹ – ਪੰਜਾਬੀ ਗਾਇਕ ਮਨਕੀਰਤ ਔਲਖ ਸਿੱਧੂ ਮੂਸੇ ਵਾਲਾ ਦੇ ਕਤਲ ਮਗਰੋਂ ਹੀ ਵਿਵਾਦਾਂ ’ਚ ਘਿਰ ਗਏ ਹਨ। ਸਿੱਧੂ ਦੇ ਕਤਲ ਤੋਂ ਕੁਝ ਦਿਨਾਂ ਬਾਅਦ ਬੰਬੀਹਾ ਗਰੁੱਪ ਵਲੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਸਿੱਧੂ ਦੇ ਕਤਲ ’ਚ ਮਨਕੀਰਤ ਔਲਖ ਵੀ ਦੋਸ਼ੀ ਹੈ ਤੇ ਉਸ ਨੂੰ ਉਹ ਬਖਸ਼ਣਗੇ ਨਹੀਂ। ਸਿਰਫ ਇਕ ਨਹੀਂ, ਸਗੋਂ ਕਈ ਵਾਰ ਬੰਬੀਹਾ ਗਰੁੱਪ ਵਲੋਂ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।

ਹੁਣ ਮਨਕੀਰਤ ਔਲਖ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਇਸ ਬਾਰੇ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਕਦੋਂ ਤੋਂ ਬੰਬੀਹਾ ਗਰੁੱਪ ਵਲੋਂ ਧਮਕੀਆਂ ਮਿਲ ਰਹੀਆਂ ਹਨ ਤੇ ਉਹ ਭਾਰਤ ਛੱਡ ਕੇ ਵਿਦੇਸ਼ ਕਿਉਂ ਚਲੇ ਗਏ।

ਮਨਕੀਰਤ ਔਲਖ ਨੇ ਕਿਹਾ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਮਗਰੋਂ ਹੀ ਉਨ੍ਹਾਂ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ। ਇਸ ਦੀ ਵਜ੍ਹਾ ਇਹ ਹੈ ਕਿ ਉਹ ਕੈਂਡਲ ਮਾਰਚ ’ਚ ਜਾ ਕੇ ਵਿੱਕੀ ਲਈ ਇਨਸਾਫ ਮੰਗਦੇ ਸਨ ਤੇ ਦੋਸ਼ੀਆਂ ਨੂੰ ਸਜ਼ਾ ਮਿਲਣ ਦੀ ਗੱਲ ਕਰਦੇ ਸਨ। ਮਨਕੀਰਤ ਨੇ ਕਿਹਾ ਕਿ ਕਈ ਵਾਰ ਉਨ੍ਹਾਂ ਦੀ ਰੇਕੀ ਵੀ ਕੀਤੀ ਜਾ ਚੁੱਕੀ ਹੈ ਕਿਉਂਕਿ ਇਕ ਕਲਾਕਾਰ ਹੋਣ ਦੇ ਚਲਦਿਆਂ ਉਨ੍ਹਾਂ ਨੂੰ ਟਰੈਕ ਕਰਨਾ ਬਹੁਤ ਸੌਖਾ ਹੈ।

ਮਨਕੀਰਤ ਨੇ ਕਿਹਾ ਕਿ ਵਿੱਕੀ ਦੇ ਕਤਲ ਤੋਂ ਕੁਝ ਮਹੀਨਿਆਂ ਬਾਅਦ ਉਨ੍ਹਾਂ ਨੇ ਵਿਆਹ ਕਰਵਾ ਲਿਆ ਸੀ। ਇਸ ਸਾਲ ਮਈ ਮਹੀਨੇ ਉਨ੍ਹਾਂ ਦੀ ਪਤਨੀ 9 ਮਹੀਨਿਆਂ ਦੀ ਗਰਭਵਤੀ ਸੀ ਤੇ ਡਾਕਟਰਾਂ ਨੇ ਉਨ੍ਹਾਂ ਨੂੰ ਜੂਨ ਦੀ ਤਾਰੀਖ਼ ਦਿੱਤੀ ਸੀ। ਉਹ ਮਈ ਮਹੀਨੇ ਭਾਰਤ ਆਉਣ ਤੋਂ ਪਹਿਲਾਂ ਕੈਨੇਡਾ ’ਚ ਹੀ ਸਨ ਤੇ ਭਾਰਤ ਸਿਰਫ ਉਹ ਸ਼ੋਅ ਲਗਾਉਣ ਆਏ ਸਨ, ਜਿਸ ਵਿਚਾਲੇ ਸਿੱਧੂ ਦਾ ਕਤਲ ਹੋ ਗਿਆ। ਫਿਰ ਉਨ੍ਹਾਂ ਨੂੰ ਪਰਿਵਾਰਕ ਜ਼ਿੰਮੇਵਾਰੀ ਦੇ ਚਲਦਿਆਂ ਆਪਣੀ ਪਤਨੀ ਕੋਲ ਵਾਪਸ ਜਾਣਾ ਪਿਆ।

ਮਨਕੀਰਤ ਨੇ ਕਿਹਾ ਕਿ 21 ਜੂਨ ਨੂੰ ਉਨ੍ਹਾਂ ਦੇ ਘਰ ਬਾਬੇ ਨੇ ਪੁੱਤਰ ਦੀ ਦਾਤ ਬਖਸ਼ੀ ਹੈ। ਇਹ ਸਮਾਂ ਅਜਿਹਾ ਹੁੰਦਾ ਹੈ, ਜਦੋਂ ਹਰ ਕੋਈ ਆਪਣੇ ਪਰਿਵਾਰ ਕੋਲ ਰਹਿਣਾ ਚਾਹੁੰਦਾ ਹੈ ਤੇ ਉਨ੍ਹਾਂ ਨੇ ਵੀ ਪਰਿਵਾਰ ਨਾਲ ਸਮਾਂ ਬਤੀਤ ਕਰਨ ਲਈ ਕੈਨੇਡਾ ਵਾਪਸੀ ਕੀਤੀ ਸੀ।

Add a Comment

Your email address will not be published. Required fields are marked *