ਜਯਾ ਬੱਚਨ ਦੇ ਜਨਮ ਦਿਨ ’ਤੇ ਅਭਿਸ਼ੇਕ ਨੇ ਮਾਂ ਨਾਲ ਸਾਂਝੀ ਕੀਤੀ ਵਿਸ਼ੇਸ਼ ਯਾਦ

ਨਵੀਂ ਦਿੱਲੀ:ਬੌਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਨੇ ਆਪਣੀ ਮਾਂ, ਅਦਾਕਾਰਾ ਅਤੇ ਸਿਆਸਤਦਾਨ ਜਯਾ ਬੱਚਨ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਵਧਾਈ ਦਿੱਤੀ ਹੈ। ਉਸ ਨੇ ਆਪਣੀ ਮਾਂ ਨਾਲ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਇਸ ਨਾਲ ਉਸ ਨੇ ਲਿਖਿਆ ਹੈ ਕਿ ਇਹ ਤਸਵੀਰ ਉਸ ਦੀ ਸਾਲ 2000 ਵਿੱਚ ਰਿਲੀਜ਼ ਹੋਈ ਪਹਿਲੀ ਫਿਲਮ ‘ਰਿਫਿਊਜੀ’ ਦੇ ਸੰਗੀਤ ਰਿਲੀਜ਼ ਵੇਲੇ ਖਿੱਚੀ ਗਈ ਸੀ। ਸਾਲ 1948 ਵਿੱਚ ਜਨਮੀ ਅਦਾਕਾਰਾ ਜਯਾ ਬੱਚਨ ਨੇ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ 15 ਸਾਲ ਦੀ ਉਮਰ ਵਿੱਚ ਮਹਾਨ ਨਿਰਦੇਸ਼ਕ ਸੱਤਿਆਜੀਤ ਰੇਅ ਦੀ ਬੰਗਾਲੀ ਫਿਲਮ ‘ਮਹਾਨਗਰ’ ਤੋਂ ਕੀਤੀ ਸੀ। ਆਪਣੀ ਇਸ ਪੋਸਟ ਵਿੱਚ ਅਭਿਸ਼ੇਕ ਨੇ ਲਿਖਿਆ ਕਿ ਭਾਵੇਂ ਇਹ ਬਿਹਤਰੀਨ ਤਸਵੀਰ ਨਹੀਂ ਹੈ ਪਰ ਇਸ ਵਿੱਚ ਮਾਂ ਤੇ ਪੁੱਤਰ ਦੀਆਂ ਭਾਵਨਾਵਾਂ ਹਨ। ਉਸ ਨੇ ਲਿਖਿਆ, ‘‘ਜਨਮ ਦਿਨ ਦੀਆਂ ਮੁਬਾਰਕਾਂ ਮਾਂ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ।’’ ਇਸ ਤਸਵੀਰ ਨਾਲ ਅਦਾਕਾਰ ਨੇ ਲਿਖਿਆ ਕਿ ਇਹ ਉਸ ਦੀ ਬਤੌਰ ਅਦਾਕਾਰ ਕਿਸੇ ਜਨਤਕ ਸਮਾਗਮ ਦੀ ਪਹਿਲੀ ਤਸਵੀਰ ਹੈ। ਜਯਾ ਬੱਚਨ ਆਪਣੇ ਸਮੇਂ ਦੀ ਬਿਹਤਰੀਨ ਅਦਾਕਾਰਾ ਮੰਨੀ ਜਾਂਦੀ ਸੀ। ਉਸ ਨੇ ਸੰਜੀਵ ਕੁਮਾਰ, ਧਰਮਿੰਦਰ ਤੇ ਰਣਧੀਰ ਕਪੂਰ ਨਾਲ ਕੰਮ ਕੀਤਾ ਸੀ। ਉਸ ਨੇ ਆਪਣੀ ਪਤੀ ਅਮਿਤਾਭ ਬੱਚਨ ਨਾਲ ਸਾਲ 1972 ਵਿੱਚ ਪਹਿਲੀ ਫਿਲਮ ‘ਬੰਸੀ ਬਿਰਜੂ’ ਕੀਤੀ ਸੀ।

Add a Comment

Your email address will not be published. Required fields are marked *