ਆਸਟ੍ਰੇਲੀਆਈ PM ਅਲਬਾਨੀਜ਼ ਨੇ INS ਵਿਕਰਾਂਤ ਦਾ ਕੀਤਾ ਦੌਰਾ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਹਿਮਦਾਬਾਦ ਤੋਂ ਬਾਅਦ ਵੀਰਵਾਰ ਨੂੰ ਮੁੰਬਈ ਪਹੁੰਚੇ। ਇੱਥੇ ਉਨ੍ਹਾਂ ਨੇ ਸਵਦੇਸ਼ੀ ਏਅਰਕ੍ਰਾਫਟ ਕਰੀਅਰ ਆਈਐੱਨਐੱਸ ਵਿਕਰਾਂਤ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਭਾਰਤੀ ਜਲ ਸੈਨਾ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਆਈਐੱਨਐੱਸ ਵਿਕਰਾਂਤ ਦੇ ਦੌਰੇ ਦੌਰਾਨ ਅਲਬਾਨੀਜ਼ ਸਵਦੇਸ਼ੀ ਲੜਾਕੂ ਜਹਾਜ਼ ਤੇਜਸ ਦੇ ਕਾਕਪਿਟ ‘ਚ ਬੈਠੇ।

ਦੱਸ ਦੇਈਏ ਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਬੁੱਧਵਾਰ ਤੋਂ ਭਾਰਤ ਦੇ 4 ਦਿਨਾ ਦੌਰੇ ‘ਤੇ ਹਨ। ਉਨ੍ਹਾਂ ਦਾ ਜਹਾਜ਼ ਬੁੱਧਵਾਰ ਸ਼ਾਮ ਕਰੀਬ 4 ਵਜੇ ਅਹਿਮਦਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਿਆ। ਇੱਥੇ ਉਨ੍ਹਾਂ ਦਾ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਸਵਾਗਤ ਕੀਤਾ। ਅਲਬਾਨੀਜ਼ ਹਵਾਈ ਅੱਡੇ ਤੋਂ ਸਿੱਧਾ ਸਾਬਰਮਤੀ ਆਸ਼ਰਮ ਪਹੁੰਚੇ, ਜਿੱਥੇ ਉਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਖਾਦੀ ਬਾਰੇ ਜਾਣਕਾਰੀ ਲਈ।

ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਲਬਾਨੀਜ਼ ਨੇ ਕਿਹਾ ਕਿ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਅਤੇ ਫਲਸਫਾ ਦੁਨੀਆ ਨੂੰ ਪ੍ਰੇਰਿਤ ਕਰਦੇ ਹਨ ਅਤੇ ਉਨ੍ਹਾਂ ਦੇ ਜੀਵਨ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਅਲਬਾਨੀਜ਼ ਸ਼ਾਮ ਨੂੰ ਇੱਥੇ ਸਰਦਾਰ ਵੱਲਭ ਭਾਈ ਪਟੇਲ ਹਵਾਈ ਅੱਡੇ ‘ਤੇ ਉੱਤਰੇ ਅਤੇ ਸਿੱਧੇ ਮਹਾਤਮਾ ਗਾਂਧੀ ਦੇ ਆਸ਼ਰਮ ਗਏ। ਸਾਬਰਮਤੀ ਆਸ਼ਰਮ ਭਾਰਤ ਦੇ ਸੁਤੰਤਰਤਾ ਸੰਗਰਾਮ ਨਾਲ ਜੁੜਿਆ ਸਥਾਨ ਵੀ ਹੈ।

ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ 1917 ‘ਚ ਸਾਬਰਮਤੀ ਨਦੀ ਦੇ ਕੰਢੇ ਇਸ ਆਸ਼ਰਮ ਦੀ ਸਥਾਪਨਾ ਕੀਤੀ ਸੀ ਅਤੇ ਮਾਰਚ 1930 ਤੱਕ ਇੱਥੇ ਰਹੇ। ਅਲਬਾਨੀਜ਼ ਨੇ ਮਹਾਤਮਾ ਗਾਂਧੀ ਦੇ ਸਨਮਾਨ ਵਿੱਚ ਆਪਣੇ ਜੁੱਤੇ ਉਤਾਰ ਦਿੱਤੇ। ਰਾਜ ਭਵਨ ਤੋਂ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਲਿਖਿਆ, ”ਮਹਾਤਮਾ ਗਾਂਧੀ ਦੇ ਆਸ਼ਰਮ ‘ਚ ਜਾਣਾ, ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਬਹੁਤ ਮਾਣ ਵਾਲੀ ਗੱਲ ਹੈ, ਜਿਨ੍ਹਾਂ ਦਾ ਫਲਸਫਾ ਅਤੇ ਕਦਰਾਂ-ਕੀਮਤਾਂ ਅੱਜ ਵੀ ਦੁਨੀਆ ਨੂੰ ਪ੍ਰੇਰਿਤ ਕਰਦੀਆਂ ਹਨ। ਅਸੀਂ ਉਨ੍ਹਾਂ ਦੀ ਮਿਸਾਲ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ।”

ਦੂਜੇ ਪਾਸੇ ਵੀਰਵਾਰ ਨੂੰ ਤਿਉਹਾਰੀ ਮਾਹੌਲ ਵਿਚਾਲੇ ਨਰਿੰਦਰ ਮੋਦੀ ਸਟੇਡੀਅਮ ‘ਚ ਮੌਜੂਦ ਲਗਭਗ 40,000 ਦਰਸ਼ਕਾਂ ਨੂੰ ਕ੍ਰਿਕਟ ਕੂਟਨੀਤੀ ਦੀ ਝਲਕ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਚੌਥੇ ਅਤੇ ਫਾਈਨਲ ਕ੍ਰਿਕਟ ਟੈਸਟ ਮੈਚ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਆਸਟ੍ਰੇਲੀਆਈ ਹਮਰੁਤਬਾ ਐਂਥਨੀ ਅਲਬਾਨੀਜ਼ ਦੋਵਾਂ ਟੀਮਾਂ ਵਿਚਾਲੇ ਮੁਕਾਬਲੇ ਤੋਂ ਪਹਿਲਾਂ ਇੱਥੇ ਪਹੁੰਚੇ। ਮੈਚ ਤੋਂ ਪਹਿਲਾਂ, ਅਲਬਾਨੀਜ਼ ਅਤੇ ਮੋਦੀ ਨੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਦੋਸਤੀ ਦੇ 75 ਸਾਲ ਪੂਰੇ ਹੋਣ ਦੇ ਮੌਕੇ ‘ਤੇ ਮੈਦਾਨ ‘ਤੇ ‘ਲੈਪ ਆਫ਼ ਆਨਰ’ ਲਗਾਇਆ।

ਦੋਵਾਂ ਦੇਸ਼ਾਂ ਦੇ ਮੁਖੀਆਂ ਦੀ ਮੌਜੂਦਗੀ ਕਾਰਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਇਹੀ ਕਾਰਨ ਹੈ ਕਿ ਜਦੋਂ ਮੋਦੀ ਅਤੇ ਅਲਬਾਨੀਜ਼ ਨੇ ਕ੍ਰਿਕਟ ਦੀ ਥੀਮ ਵਾਲੀ ਬੱਗੀ ਵਿੱਚ ਮੈਦਾਨ ਦਾ ਚੱਕਰ ਲਾਇਆ ਤਾਂ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਅੱਧਾ ਵੀ ਭਰਿਆ ਨਹੀਂ ਸੀ। ਹਾਲਾਂਕਿ ਸਟੇਡੀਅਮ ਵਿੱਚ ਮੌਜੂਦ ਲੋਕਾਂ ਨੇ ਤਾੜੀਆਂ ਵਜਾ ਕੇ ਦੋਵਾਂ ਆਗੂਆਂ ਦਾ ਨਿੱਘਾ ਸਵਾਗਤ ਕੀਤਾ।

Add a Comment

Your email address will not be published. Required fields are marked *