ਮਹਾਠੱਗ ਸੁਕੇਸ਼ ਦਾ ਜੈਕਲੀਨ ਲਈ ਦਿਸਿਆ ਪਿਆਰ, ਲਿਖਿਆ– ‘ਫਿੱਕੇ ਹੋਏ ਰੰਗਾਂ ਨੂੰ ਲਿਆਵਾਂਗਾ ਵਾਪਸ’

ਮੁੰਬਈ – ਜੇਲ ’ਚ ਬੰਦ ਗੈਂਗਸਟਰ ਸੁਕੇਸ਼ ਚੰਦਰਸ਼ੇਖਰ ਨੇ ਜੈਕਲੀਨ ਫਰਨਾਂਡੀਜ਼ ਲਈ ਲਵ ਲੈਟਰ ਲਿਖਿਆ ਹੈ। ਹਾਲਾਂਕਿ ਇਹ ਲੈਟਰ ਮੀਡੀਆ ਦੇ ਨਾਂ ’ਤੇ ਹੈ ਪਰ ਇਸ ’ਚ ਲਿਖੀਆਂ ਗੱਲਾਂ ਸੁਕੇਸ਼ ਦੇ ਜੈਕਲੀਨ ਲਈ ਪਿਆਰ ਦਾ ਪ੍ਰਗਟਾਵਾ ਕਰਨ ਵਾਲੀਆਂ ਹਨ। ਚਿੱਠੀ ’ਚ ਪਹਿਲਾਂ ਸਾਰੇ ਸਹਿਯੋਗ ਲਈ ਮੀਡੀਆ ਦਾ ਧੰਨਵਾਦ ਲਿਖਿਆ ਗਿਆ ਤੇ ਫਿਰ ਜੈਕਲੀਨ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ।

ਇਸ ਲੈਟਰ ’ਚ ਲਿਖਿਆ ਹੈ, ‘‘ਮੈਂ ਇਕ ਸ਼ਾਨਦਾਰ ਵਿਅਕਤੀ ਤੇ ਮੇਰੀ ਸਦਾਬਹਾਰ ਜੈਕਲੀਨ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਰੰਗਾਂ ਦੇ ਤਿਉਹਾਰ ਦੇ ਦਿਨ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ, ਮੈਂ ਫਿੱਕੇ ਜਾਂ ਅਲੋਪ ਹੋ ਚੁੱਕੇ ਰੰਗਾਂ ਨੂੰ 100 ਗੁਣਾ ਵਾਪਸ ਲਿਆਵਾਂਗਾ। ਜੇ ਮੈਂ ਆਪਣੇ ਅੰਦਾਜ਼ ’ਚ ਕਹਾਂ ਤਾਂ ਇਹ ਸਾਲ ਬਹੁਤ ਚਮਕਦਾਰ ਹੋਵੇਗਾ। ਮੈਂ ਇਸ ਨੂੰ ਯਕੀਨੀ ਬਣਾਵਾਂਗਾ ਤੇ ਇਹ ਮੇਰੀ ਜ਼ਿੰਮੇਵਾਰੀ ਵੀ ਹੋਵੇਗੀ।’’

ਇਸ ਤੋਂ ਇਲਾਵਾ ਸੁਕੇਸ਼ ਚੰਦਰਸ਼ੇਖਰ ਨੇ ਜੈਕਲੀਨ ਨੂੰ ‘ਆਈ ਲਵ ਯੂ’ ਕਿਹਾ। ਇਹ ਵੀ ਕਿਹਾ, ‘‘ਮੇਰੇ ਬੇਬੀ ਹਮੇਸ਼ਾ ਮੁਸਕਰਾਉਂਦੇ ਰਹੋ, ਤੁਸੀਂ ਜਾਣਦੇ ਹੋ ਕਿ ਤੁਸੀਂ ਮੇਰੇ ਲਈ ਕੀ ਹੋ ਤੇ ਤੁਸੀਂ ਕਿੰਨੇ ਮਹੱਤਵਪੂਰਨ ਹੋ। ਮੈਂ ਆਪਣੀ ਰਾਜਕੁਮਾਰੀ ਨੂੰ ਪਿਆਰ ਕਰਦਾ ਹੈ, ਤੁਹਾਡੀ ਯਾਦ ਆਉਂਦੀ ਹੈ, ਮੇਰੀ ਬੀ, ਮੇਰੀ ਬੋਮਾ, ਮੇਰਾ ਪਿਆਰ।’’

ਦੱਸ ਦੇਈਏ ਕਿ ਇਕ ਪਾਸੇ ਸੁਕੇਸ਼ ਚੰਦਰਸ਼ੇਖਰ ਜੇਲ ’ਚ ਬੰਦ ਹੋ ਕੇ ਜੈਕਲੀਨ ਲਈ ਆਪਣੀਆਂ ਭਾਵਨਾਵਾਂ ਜ਼ਾਹਿਰ ਕਰ ਰਿਹਾ ਹੈ। ਇਸ ਦੇ ਨਾਲ ਹੀ ਹੁਣ ਜੈਕਲੀਨ ਫਰਨਾਂਡੀਜ਼ ਠੱਗ ਤੋਂ ਨਾਰਾਜ਼ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ’ਚ ਸੁਣਵਾਈ ਦੌਰਾਨ ਉਸ ਨੇ ਕਿਹਾ ਕਿ ਸੁਕੇਸ਼ ਉਸ ਦੀਆਂ ਭਾਵਨਾਵਾਂ ਨਾਲ ਖੇਡਿਆ ਤੇ ਉਸ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ। ਜੈਕਲੀਨ ਮੁਤਾਬਕ ਉਸ ਨੂੰ ਨਾ ਸਿਰਫ ਗੁੰਮਰਾਹ ਕੀਤਾ ਗਿਆ, ਸਗੋਂ ਉਸ ਦੇ ਕਰੀਅਰ ਦੇ ਨਾਲ-ਨਾਲ ਉਸ ਦੀ ਆਮ ਜ਼ਿੰਦਗੀ ਵੀ ਤਬਾਹ ਹੋ ਗਈ।

Add a Comment

Your email address will not be published. Required fields are marked *