ਗੁਜਰਾਤ ਦੇ ਤੱਟ ’ਤੇ 425 ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਪੋਰਬੰਦਰ :ਭਾਰਤੀ ਤੱਟ ਰੱਖਿਅਕਾਂ ਅਤੇ ਗੁਜਰਾਤ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਬੀਤੀ ਰਾਤ ਇੱਕ ਸਾਂਝੇ ਅਪਰੇਸ਼ਨ ਤਹਿਤ ਗੁਜਰਾਤ ਨੇੜੇ ਅਰਬ ਸਾਗਰ ਵਿੱਚ ਇੱਕ ਇਰਾਨੀ ਕਿਸ਼ਤੀ ’ਚੋਂ 61 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਕੌਮਾਂਤਰੀ ਬਾਜ਼ਾਰ ਵਿੱਚ ਇਸ ਕੀਮਤ 425 ਕਰੋੜ ਰੁਪਏ ਬਣਦੀ ਹੈ। ਕਿਸ਼ਤੀ ਵਿੱਚ ਚਾਲਕ ਦਲ ਦੇ ਪੰਜ ਮੈਂਬਰ ਸਵਾਰ ਸਨ। ਏਟੀਐੱਸ ਦੇ ਸੂਤਰਾਂ ਅਨੁਸਾਰ ਭਾਰਤੀ ਪਾਣੀਆਂ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੋਣ ਦੀ ਖੁਫੀਆ ਸੂਚਨਾ ਮਿਲਣ ’ਤੇ ਤੱਟ ਰੱਖਿਅਕਾਂ ਅਤੇ ਅਤਿਵਾਦ ਵਿਰੋਧੀ ਦਸਤੇ ਨੇ ਪਾਣੀਆਂ ’ਤੇ ਨਜ਼ਰ ਰੱਖੀ ਹੋਈ ਸੀ। ਇਸ ਦੌਰਾਨ ਉਨ੍ਹਾਂ ਨੂੰ ਓਖਾ ਬੰਦਰਗਾਹ ਤੋਂ ਥੋੜ੍ਹੀ ਦੂਰ ਇਕ ਇਰਾਨੀ ਕਿਸ਼ਤੀ ਸ਼ੱਕੀ ਗਤੀਵਿਧੀਆਂ ਕਰਦੀ ਨਜ਼ਰ ਆਈ। ਕਿਸ਼ਤੀ ਸ਼ੱਕੀ ਜਾਪਣ ’ਤੇ ਤੱਟ ਰੱਖਿਅਕਾਂ ਦੀ ਟੀਮ ਨੇ ਉਸ ਦਾ ਪਿੱਛਾ ਕੀਤਾ ਅਤੇ ਕਿਸ਼ਤੀ ਦੀ ਜਾਂਚ ਕਰਨ ’ਤੇ ਉਸ ’ਚੋਂ 61 ਕਿਲੋ ਹੈਰੋਇਨ ਬਰਾਮਦ ਹੋਈ। ਫੋਰੈਂਸਿਕ ਸਾਇੰਸ ਲੈਬ (ਐੱਫਐੱਸਐੱਲ) ਇਸ ਦੀ ਜਾਂਚ ਕਰੇਗੀ। ਇਸ ਮਗਰੋਂ ਸਾਰੇ ਪੰਜ ਇਰਾਨੀ ਵਿਅਕਤੀਆਂ ਅਤੇ ਕਿਸ਼ਤੀ ਨੂੰ ਓਖਾ ਬੰਦਰਗਾਹ ’ਤੇ ਲਿਆਂਦਾ ਗਿਆ। ਤੱਟ ਰੱਖਿਅਕਾਂ ਦੀ ਇਕ ਹੋਰ ਟੀਮ ਉਸ ਕਿਸ਼ਤੀ ਦੀ ਭਾਲ ਕਰ ਰਹੀ ਹੈ।

Add a Comment

Your email address will not be published. Required fields are marked *