ਜਬਰ-ਜ਼ਿਨਾਹ ਮਾਮਲੇ ’ਚ ਆਸਾਰਾਮ ਬਾਪੂ ਦੋਸ਼ੀ ਕਰਾਰ, ਕੱਲ੍ਹ ਹੋਵੇਗਾ ਸਜ਼ਾ ਦਾ ਐਲਾਨ

 ਗੁਜਰਾਤ ’ਚ ਗਾਂਧੀਨਗਰ ਦੀ ਇਕ ਅਦਾਲਤ ਨੇ ਆਸਾਰਾਮ ਬਾਪੂ ਨੂੰ ਆਪਣੀ ਇਕ ਪੈਰੋਕਾਰ ਨਾਲ ਜਬਰ-ਜ਼ਿਨਾਹ ਮਾਮਲੇ ’ਚ ਸੋਮਵਾਰ ਨੂੰ ਦੋਸ਼ੀ ਠਹਿਰਾਇਆ ਹੈ। ਆਸਾਰਾਮ ਖ਼ਿਲਾਫ਼ ਇਹ ਮਾਮਲਾ 2013 ’ਚ ਦਰਜ ਕੀਤਾ ਗਿਆ ਸੀ। ਸੈਸ਼ਨ ਜੱਜ ਡੀ.ਕੇ. ਸੋਨੀ ਮੰਗਲਵਾਰ (31 ਜਨਵਰੀ) ਨੂੰ ਸਜ਼ਾ ਸੁਣਾਉਣਗੇ। ਅਦਾਲਤ ਨੇ ਸਬੂਤਾਂ ਦੀ ਘਾਟ ’ਚ ਆਸਾਰਾਮ ਦੀ ਪਤਨੀ ਸਮੇਤ ਛੇ ਹੋਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ।

ਅਹਿਮਦਾਬਾਦ ਦੇ ਚਾਂਦਖੇੜਾ ਪੁਲਸ ਸਟੇਸ਼ਨ ’ਚ ਦਰਜ ਐੱਫ. ਆਈ. ਆਰ. ਮੁਤਾਬਕ ਆਸਾਰਾਮ ਨੇ 2001 ਤੋਂ 2006 ਦਰਮਿਆਨ ਔਰਤ ਨਾਲ ਕਈ ਵਾਰ ਜਬਰ-ਜ਼ਿਨਾਹ ਕੀਤਾ, ਜਦੋਂ ਉਹ ਸ਼ਹਿਰ ਦੇ ਬਾਹਰੀ ਇਲਾਕੇ ’ਚ ਸਥਿਤ ਉਸ ਦੇ ਆਸ਼ਰਮ ’ਚ ਰਹਿੰਦੀ ਸੀ। ਸਰਕਾਰੀ ਵਕੀਲ ਆਰ.ਸੀ. ਕੋਡੇਕਰ ਨੇ ਸੋਮਵਾਰ ਨੂੰ ਕਿਹਾ, “ਅਦਾਲਤ ਨੇ ਇਸਤਗਾਸਾ ਦੇ ਮਾਮਲੇ ਨੂੰ ਸਵੀਕਾਰ ਕਰ ਲਿਆ ਅਤੇ ਆਸਾਰਾਮ ਨੂੰ ਭਾਰਤੀ ਦੰਡਾਵਲੀ ਦੀ ਧਾਰਾ 376 (2) (ਸੀ), 377 (ਗ਼ੈਰ-ਕੁਦਰਤੀ ਸੈਕਸ) ਅਤੇ ਗ਼ੈਰ-ਕਾਨੂੰਨੀ ਤੌਰ ’ਤੇ ਬੰਧਕ ਬਣਾਉਣ ਨਾਲ ਜੁੜੀ ਧਾਰਾ ’ਚ ਦੋਸ਼ੀ ਠਹਿਰਾਇਆ।”

ਵਿਵਾਦਿਤ ਬਾਬਾ ਇਸ ਸਮੇਂ ਜਬਰ-ਜ਼ਿਨਾਹ ਦੇ ਇਕ ਹੋਰ ਮਾਮਲੇ ’ਚ ਰਾਜਸਥਾਨ ਦੀ ਜੋਧਪੁਰ ਜੇਲ੍ਹ ’ਚ ਬੰਦ ਹੈ। ਅਕਤੂਬਰ 2013 ’ਚ ਸੂਰਤ ਦੀ ਇਕ ਔਰਤ ਨੇ ਆਸਾਰਾਮ ਅਤੇ 7 ਹੋਰਾਂ ’ਤੇ ਜਬਰ ਜ਼ਿਨਾਹ ਅਤੇ ਨਾਜਾਇਜ਼ ਤੌਰ ’ਤੇ ਨਜ਼ਰਬੰਦ ਰੱਖਣ ਦਾ ਦੋਸ਼ ਲਾਉਂਦਿਆਂ ਮਾਮਲਾ ਦਰਜ ਕਰਵਾਇਆ ਸੀ। ਮੁਕੱਦਮੇ ਦੀ ਸੁਣਵਾਈ ਦੌਰਾਨ ਇਕ ਮੁਲਜ਼ਮ ਦੀ ਮੌਤ ਹੋ ਗਈ। ਇਸ ਮਾਮਲੇ ’ਚ ਜੁਲਾਈ 2014 ’ਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।

Add a Comment

Your email address will not be published. Required fields are marked *