‘ਬੁਜ਼ਦਿਲੀ’ ਭਾਜਪਾ ਦੀ ਵਿਚਾਰਧਾਰਾ ਦਾ ਕੇਂਦਰ: ਰਾਹੁਲ ਗਾਂਧੀ

ਲੰਡਨ, 6 ਮਾਰਚ-; ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਜਪਾ ’ਤੇ ਸੱਜਰਾ ਹੱਲਾ ਬੋਲਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ‘ਨਫ਼ਰਤ ਤੇ ਹਿੰਸਾ ਦੀ ਵਿਚਾਰਧਾਰਾ’ ਦੇ ਰਾਹ ਉੱਤੇ ਚੱਲਦੀ ਹੈ ਜਦੋਂਕਿ ਉਨ੍ਹਾਂ ਦੀ ਵਿਚਾਰਧਾਰਾ ਦਾ ਕੇਂਦਰ ‘ਬੁਜ਼ਦਿਲੀ’ ਹੈ। ਗਾਂਧੀ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਯੂਕੇ ਚੈਪਟਰ ਵੱਲੋਂ ਵਿਉਂਤੇ ਸਮਾਗਮ ਦੌਰਾਨ ਭਾਰਤੀ ਪਰਵਾਸੀ ਭਾਈਚਾਰੇ ਦੇ ਰੂ-ਬ-ਰੂ ਹੁੰਦਿਆਂ ਇਹ ਗੱਲ ਕਹੀ। ਗਾਂਧੀ ਨੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਵੱਲੋਂ ਇਕ ਇੰਟਰਵਿਊ ਦੌਰਾਨ ਚੀਨ ਬਾਰੇ ਕੀਤੀਆਂ ਟਿੱਪਣੀਆਂ ਦਾ ਵੀ ਹਵਾਲਾ ਦਿੱਤਾ। ਸਾਬਕਾ ਕਾਂਗਰਸ ਪ੍ਰਧਾਨ ਨੇ ਭਾਜਪਾ ਦੇ ਹਵਾਲੇ ਨਾਲ ਕਿਹਾ ਕਿ ‘ਉਨ੍ਹਾਂ ਦੀ ਵਿਚਾਰਧਾਰਾ ਨਫ਼ਰਤ ਤੇ ਹਿੰਸਾ ’ਤੇ ਅਧਾਰਿਤ ਹੈ; ਅਸ਼ਿਸ਼ਟ ਵਿਚਾਰਧਾਰਾ, ਜਿਹੜੀ ਲੋਕਾਂ ਨੂੰ ਸਿਰਫ਼ ਉਨ੍ਹਾਂ ਦੀ ਵਿਚਾਰਧਾਰਾ ਲਈ ਨਿਸ਼ਾਨਾ ਬਣਾਉਂਦੀ ਹੈ। ਅਤੇ ਤੁਸੀਂ ਇਕ ਚੀਜ਼ ਨੋਟਿਸ ਕੀਤੀ ਹੋਵੇਗੀ ਕਿ ਇਹ ਭਾਜਪਾ ਤੇ ਆਰਐੱਸਐੱਸ ਦੀ ਖਸਲਤ ਹੈ।’’ ਰਾਹੁਲ ਗਾਂਧੀ ਨੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਵੱਲੋਂ ਇਕ ਇੰਟਰਵਿਊ ਦੌਰਾਨ ਕੀਤੀਆਂ ਟਿੱਪਣੀਆਂ ਦੇ ਹਵਾਲੇ ਨਾਲ ਕਿਹਾ, ‘‘ਜੇਕਰ ਤੁਸੀਂ ਵਿਦੇਸ਼ ਮੰਤਰੀ ਦੇ ਬਿਆਨ ਨੂੰ ਵੇਖੋ, ਉਨ੍ਹਾਂ ਕਿਹਾ ਕਿ ਚੀਨ ਸਾਡੇ ਨਾਲੋਂ ਵੱਧ ਤਾਕਤਵਰ ਹੈ। ਇਹ ਸੋਚਣਾ ਕਿ ਚੀਨ ਸਾਡੇ ਨਾਲੋਂ ਵੱਧ ਜ਼ੋਰਾਵਰ ਹੈ, ਤਾਂ ਅਸੀਂ ਉਨ੍ਹਾਂ ਦਾ ਮੁਕਾਬਲਾ ਕਿਵੇਂ ਕਰਾਂਗੇ? ਉਨ੍ਹਾਂ ਦੀ ਵਿਚਾਰਧਾਰਾ ਦਾ ਕੇਂਦਰ ‘ਕਾਇਰਤਾ’ ਹੈ।’’ ਗਾਂਧੀ ਨੇ ਕਿਹਾ ਕਿ ਵੀ.ਡੀ.ਸਾਵਰਕਰ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਇਕ ਵਾਰ ਉਸ ਤੇ ਉਹਦੇ ਦੋਸਤਾਂ ਨੇ ਇਕ ਮੁਸਲਿਮ ਵਿਅਕਤੀ ਦੀ ਕੁੱਟਮਾਰ ਕੀਤੀ ਸੀ ਤੇ ਉਸ ਦਿਨ ਉਨ੍ਹਾਂ ਨੂੰ ਵੱਡੀ ਖ਼ੁਸ਼ੀ ਮਹਿਸੂਸ ਹੋਈ। ਉਨ੍ਹਾਂ ਕਿਹਾ, ‘‘ਲਿਹਾਜ਼ਾ ਜੇਕਰ ਪੰਜ ਜਣੇ ਇਕ ਵਿਅਕਤੀ ਨੂੰ ਕੁੱਟਦੇ ਹਨ ਤੇ ਇਕ ਵਿਅਕਤੀ ਖ਼ੁਸ਼ੀ ਮਹਿਸੂਸ ਕਰਦਾ ਹੈ, ਤਾਂ ਫਿਰ ਇਹ ਸਿਰਫ਼ ਕਾਇਰਤਾ ਹੀ ਹੈ। ਜੇਕਰ ਤੁਸੀਂ ਲੜਨਾ ਚਾਹੁੰਦੇ ਹੋ ਤਾਂ ਫਿਰ ਇਕੱਲੇ ਆਪਣੇ ਦਮ ’ਤੇ ਲੜੋ।’’

Add a Comment

Your email address will not be published. Required fields are marked *