“ਇਹ ਸੁਫ਼ਨੇ ਦੇ ਸੱਚ ਹੋਣ ਵਰਗਾ ਲੱਗਾ”, ਹਰਮਨਪ੍ਰੀਤ ਨੇ ਜਿੱਤ ਤੋਂ ਬਾਅਦ ਦਿੱਤਾ ਵੱਡਾ ਬਿਆਨ

ਮਹਿਲਾ ਪ੍ਰੀਮੀਅਰ ਲੀਗ (ਡਬਲਿਊ. ਪੀ. ਐੱਲ.) ਦੇ ਸ਼ੁਰੂਆਤੀ ਸੈਸ਼ਨ ਦੇ ਪਹਿਲੇ ਮੈਚ ‘ਚ ਮੁੰਬਈ ਇੰਡੀਅਨਜ਼ ਨੇ ਗੁਜਰਾਤ ਜਾਇੰਟਸ ਨੂੰ 143 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਇੰਡੀਅਨਜ਼ ਨੇ 208 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ ‘ਚ ਗੁਜਰਾਤ ਜਾਇੰਟਸ 64 ਦੌੜਾਂ ‘ਤੇ ਸਿਮਟ ਗਈ। ਮੁੰਬਈ ਲਈ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਹਰਮਨਪ੍ਰੀਤ ਕੌਰ ਨੇ 30 ਗੇਂਦਾਂ ‘ਤੇ 14 ਚੌਕਿਆਂ ਦੀ ਮਦਦ ਨਾਲ ਅਜੇਤੂ 65 ਦੌੜਾਂ ਦੀ ਪਾਰੀ ਖੇਡੀ, ਜਿਸ ਲਈ ਉਸ ਨੂੰ ‘ਪਲੇਅਰ ਆਫ਼ ਦਿ ਮੈਚ’ ਦਾ ਪੁਰਸਕਾਰ ਦਿੱਤਾ ਗਿਆ।

ਹਰਮਨਪ੍ਰੀਤ ਕੌਰ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਇਕ ਸ਼ਾਨਦਾਰ ਸ਼ੁਰੂਆਤ ਹੈ, ਇਹ ਇੱਕ ਸੁਪਨੇ ਦੇ ਸੱਚ ਹੋਣ ਵਰਗਾ ਮਹਿਸੂਸ ਹੋਇਆ। ਉਨ੍ਹਾਂ ਕਿਹਾ ਪਹਿਲੇ ਦਿਨ ਅਸੀਂ ਜੋ ਵੀ ਕੀਤਾ ਸਾਡੇ ਲਈ ਵਧੀਆ ਰਿਹਾ। ਅਸੀਂ ਚੀਜ਼ਾਂ ਨੂੰ ਸਾਫ਼ ਰੱਖਿਆ। ਮਹਿਲਾ ਕ੍ਰਿਕਟ ਲਈ ਇਹ ਇਕ ਵੱਡਾ ਦਿਨ ਹੈ। ਮੈਂ ਗੇਂਦ ਨੂੰ ਚੰਗੀ ਤਰ੍ਹਾਂ ਦੇਖਿਆ ਅਤੇ ਆਪਣੇ ਆਪ ਦਾ ਸਮਰਥਨ ਕੀਤਾ। 

ਉਸ ਨੇ ਕਿਹਾ ਕਿ ਜਦੋਂ ਅਸੀਂ ਬੱਲੇਬਾਜ਼ੀ ਕਰ ਰਹੇ ਸੀ ਤਾਂ ਸਾਨੂੰ ਪਤਾ ਸੀ ਕਿ ਇਹ ਬੱਲੇਬਾਜ਼ੀ ਲਈ ਬਹੁਤ ਵਧੀਆ ਵਿਕਟ ਹੈ। ਜੇਕਰ ਤੁਸੀਂ ਸਹੀ ਖੇਤਰ ਅਤੇ ਸਹੀ ਲੰਬਾਈ ‘ਤੇ ਹਿੱਟ ਕਰ ਸਕਦੇ ਹੋ ਅਤੇ ਮੈਨੂੰ ਖੁਸ਼ੀ ਹੈ ਕਿ ਹਰ ਗੇਂਦਬਾਜ਼ ਨੇ ਚੰਗੀ ਗੇਂਦਬਾਜ਼ੀ ਕੀਤੀ। ਇਹ ਸਾਡੇ ਲਈ ਵਧੀਆ ਵਿਕਟ ਹੈ। ਵੱਡਾ ਦਿਨ, ਵੱਡੀ ਜਿੱਤ ਅਤੇ ਅਸੀਂ ਜਿਸ ਤਰੀਕੇ ਨਾਲ ਸ਼ੁਰੂਆਤ ਕੀਤੀ ਉਸ ਤੋਂ ਅਸੀਂ ਸੱਚਮੁੱਚ ਖੁਸ਼ ਹਾਂ।

ਮੈਚ ਦੀ ਗੱਲ ਕਰੀਏ ਤਾਂ ਹਰਮਨਪ੍ਰੀਤ ਕੌਰ ਤੋਂ ਇਲਾਵਾ ਅਮੇਲੀਆ ਕੇਰ ਨੇ 24 ਗੇਂਦਾਂ ‘ਚ ਨਾਬਾਦ 45 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਹਾਰਲੇ ਮੈਥਿਊਜ਼ ਨੇ ਵੀ 31 ਗੇਂਦਾਂ ਵਿੱਚ 47 ਦੌੜਾਂ ਬਣਾ ਕੇ ਟੀਮ ਦੇ ਸਕੋਰ ਵਿੱਚ ਯੋਗਦਾਨ ਪਾਇਆ। ਮੁੰਬਈ ਨੇ 20 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 207 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਗੁਜਰਾਤ ਦੇ ਬੱਲੇਬਾਜ਼ ਇਕ ਤੋਂ ਬਾਅਦ ਇਕ ਆਊਟ ਹੁੰਦੇ ਗਏ। ਗੁਜਰਾਤ ਵੱਲੋਂ ਦਿਆਲਨ ਹੇਮਲਤਾ ਨੇ ਨਾਬਾਦ 29 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ। ਹਾਲਾਂਕਿ ਕੋਈ ਵੀ ਬੱਲੇਬਾਜ਼ ਉਸ ਦਾ ਸਾਥ ਨਹੀਂ ਦੇ ਸਕਿਆ ਅਤੇ ਪੂਰੀ ਟੀਮ 15.1 ਓਵਰਾਂ ‘ਚ 64 ਦੌੜਾਂ ‘ਤੇ ਢੇਰ ਹੋ ਗਈ। ਮੁੰਬਈ ਵੱਲੋਂ ਸਾਈਕਾ ਇਸ਼ਾਕ ਨੇ ਸਭ ਤੋਂ ਵਧੀਆ 4 ਵਿਕਟਾਂ ਲਈਆਂ।

Add a Comment

Your email address will not be published. Required fields are marked *