ਪਹਿਲਾਂ ਹੀ ਰਚੀ ਲਗਦੀ ਹੈ ਮਨੀਪੁਰ ਹਿੰੰਸਾ ਦੀ ਕਹਾਣੀ: ਕਾਂਗਰਸ

ਨਵੀਂ ਦਿੱਲੀ, 11 ਮਈ-: ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਮਨੀਪੁਰ ਹਿੰਸਾ ਦੀ ਕਹਾਣੀ ਪਹਿਲਾਂ ਹੀ ਰਚੀ ਗਈ ਲਗਦੀ ਹੈ। ਉਨ੍ਹਾਂ ਮੰਗ ਕੀਤੀ ਕਿ ਅਮਨ ਦੀ ਬਹਾਲੀ ਲਈ ਸੂਬੇ ਵਿੱਚ ਤੁਰੰਤ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਕਾਂਗਰਸ ਦੇ ਤਰਜਮਾਨ ਤੇ ਪਾਰਟੀ ਦੇ ਮਨੀਪੁਰ ਲਈ ਇੰਚਾਰਜ ਭਗਤ ਚਰਨ ਦਾਸ ਨੇ ਹਿੰਸਾ ਵਿੱਚ ਜਾਨਾਂ ਗੁਆਉਣ ਵਾਲੇ ਵਿਅਕਤੀਆਂ ਦੇ ਵਾਰਿਸਾਂ ਨੂੰ ਵੀਹ-ਵੀਹ ਲੱਖ ਰੁਪਏ ਅਤੇ ਜਿਨ੍ਹਾਂ ਦੇ ਘਰ ਨੁਕਸਾਨੇ ਗਏ ਹਨ, ਉਨ੍ਹਾਂ ਲੋਕਾਂ ਨੂੰ ਪੰਜ-ਪੰਜ ਲੱਖ ਰੁਪਏ ਦੇਣ ਦੀ ਮੰਗ ਕੀਤੀ।

ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦਾਸ ਨੇ ਪੁੱਛਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹੁਣ ਤੱਕ ਹਿੰਸਾ ਪ੍ਰਭਾਵਿਤ ਉਤਰ ਪੂਰਬੀ ਸੂਬੇ ਦਾ ਦੌਰਾ ਕਿਉਂ ਨਹੀਂ ਕੀਤਾ ਅਤੇ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੁੱੱਪੀ ਕਿਉਂ ਧਾਰੀ ਹੋਈ ਹੈ। ਦਾਸ ਨੇ ਕਿਹਾ,‘ਮਨੀਪੁਰ ਵਿੱਚ ਹਾਲਾਤ ਨੂੰ ਕਾਬੂ ਪਾਉਣ ’ਚ ਭਾਜਪਾ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ। ਉਹ ਹਿੰਸਾ ਰੋਕਣ, ਹਥਿਆਰਾਂ ਦੀ ਲੁੱਟ ਰੋਕਣ ਤੇ ਬਰਾਮਦ ਕਰਨ ਅਤੇ ਲੋਕਾਂ ਨੂੰ ਬਚਾਉਣ ਤੇ ਰਾਹਤ ਕੈਂਪਾਂ ਵਿੱਚ ਰਹਿ ਰਹੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਾਉਣ ’ਚ ਫੇਲ੍ਹ ਰਹੀ ਹੈ।’ ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਤੇ ਸੂਬਾਈ ਸਰਕਾਰ ਸੰਵਿਧਾਨ ਮੁਤਾਬਿਕ ਕੰਮ ਨਹੀਂ ਕਰ ਰਹੀਆਂ ਹਨ। ਦਾਸ ਨੇ ਦੋਸ਼ ਲਾਇਆ ਕਿ ਇੰਜ ਜਾਪਦਾ ਹੈ, ਜਿਵੇਂ ਹਿੰਸਾ ਦੀ ਕਹਾਣੀ ਪਹਿਲਾਂ ਹੀ ਘੜੀ ਗਈ ਹੋਵੇ ਕਿਉਂਕਿ ਕੇਂਦਰ ਸਰਕਾਰ ਵੱਲੋਂ ਕੋਈ ਵੀ ਇਸ ਮੁੱਦੇ ਦੀ ਸਮੀਖਿਆ ਨਹੀਂ ਕਰ ਰਿਹਾ ਹੈ। ਨਾ ਹੁਣ ਤੱਕ ਗ੍ਰਹਿ ਮੰਤਰੀ ਨਾ ਇੱਥੋਂ ਦਾ ਦੌਰਾ ਕੀਤਾ ਹੈ ਅਤੇ ਨਾ ਹੀ ਪ੍ਰਧਾਨ ਮੰਤਰੀ ਨੇ ਅਮਨ ਬਣਾਏ ਰੱਖਣ ਦੀ ਅਪੀਲ ਲਈ ਕੋਈ ਟਵੀਟ ਕੀਤਾ ਹੈ। 

Add a Comment

Your email address will not be published. Required fields are marked *