ਆਬਕਾਰੀ ਨੀਤੀ ਕੇਸ: ਸਿਸੋਦੀਆ ਦੀ ਸੀਬੀਆਈ ਹਿਰਾਸਤ ਦੋ ਦਿਨ ਹੋਰ ਵਧੀ

ਨਵੀਂ ਦਿੱਲੀ :ਇਥੋਂ ਦੀ ਅਦਾਲਤ ਨੇ ਆਬਕਾਰੀ ਨੀਤੀ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਕੇਸ ’ਚ ਗ੍ਰਿਫ਼ਤਾਰ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਸੀਬੀਆਈ ਹਿਰਾਸਤ 6 ਮਾਰਚ ਤੱਕ 2 ਹੋਰ ਦਿਨ ਲਈ ਵਧਾ ਦਿੱਤੀ ਹੈ। ਅਦਾਲਤ ਨੇ ਸੀਬੀਆਈ ਨੂੰ ਬਚਾਅ ਪੱਖ ਦੀਆਂ ਦਲੀਲਾਂ ਦਾ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਉਧਰ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸਿਸੋਦੀਆ ਦੀ ਜ਼ਮਾਨਤ ਅਰਜ਼ੀ ’ਤੇ 10 ਮਾਰਚ ਨੂੰ ਸੁਣਵਾਈ ਕੀਤੀ ਜਾਵੇਗੀ। ਵਿਸ਼ੇਸ਼ ਜੱਜ ਐੱਮ ਕੇ ਨਾਗਪਾਲ ਨੇ ਸੀਬੀਆਈ ਨੂੰ ਨਿਰਦੇਸ਼ ਦਿੱਤੇ ਕਿ ਆਮ ਆਦਮੀ ਪਾਰਟੀ ਆਗੂ ਨੂੰ ਅਦਾਲਤ ’ਚ ਸੋਮਵਾਰ ਨੂੰ ਪੇਸ਼ ਕੀਤਾ ਜਾਵੇ। ਸੀਬੀਆਈ ਨੇ ਸਿਸੋਦੀਆ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਅੱਜ ਅਦਾਲਤ ’ਚ ਪੇਸ਼ ਕਰਦਿਆਂ ਤਿੰਨ ਹੋਰ ਦਿਨਾਂ ਦੀ ਹਿਰਾਸਤ ਮੰਗੀ ਸੀ। ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜੱਜ ਨੂੰ ਦੱਸਿਆ ਕਿ ਸੀਬੀਆਈ ਵਾਰ-ਵਾਰ ਪੁਰਾਣੇ ਸਵਾਲ ਪੁੱਛ ਕੇ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਹੀ ਹੈ। ਸਿਸੋਦੀਆ ਨੇ ਖੁਦ ਜੱਜ ਨੂੰ ਦੱਸਿਆ ਕਿ ਉਸ ਨੂੰ ਸ਼ਰਾਬ ਘੁਟਾਲੇ ਦੇ ਹੋਰ ਮੁਲਜ਼ਮਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਜੱਜ ਨੇ ਸੀਬੀਆਈ ਨੂੰ ਪੁੱਛਿਆ,‘‘ਹੁਣ ਕੀ ਬਚਿਆ ਹੈ ਜੋ ਤੁਸੀਂ ਹੋਰ ਰਿਮਾਂਡ ਮੰਗ ਰਹੇ ਹੋ ਅਤੇ ਕਿਸ ਦੇ ਸਾਹਮਣੇ ਲਿਜਾਣਾ ਹੈ।’’ ਇਸ ’ਤੇ ਸੀਬੀਆਈ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਸਿਸੋਦੀਆ ਤੋਂ ਰੋਜ਼ਾਨਾ ਰਾਤ 8 ਵਜੇ ਤੱਕ ਪੁੱਛ-ਗਿੱਛ ਕੀਤੀ ਜਾ ਰਹੀ ਹੈ ਪਰ ਉਹ ਅਜੇ ਵੀ ਸਹੀ ਜਵਾਬ ਨਹੀਂ ਦੇ ਰਹੇ ਹਨ। 

Add a Comment

Your email address will not be published. Required fields are marked *