ਅੰਮ੍ਰਿਤਸਰ ‘ਚ ਮੁੜ ਚੱਲੀਆਂ ਗੋਲ਼ੀਆਂ, ਲੋਕਾਂ ‘ਚ ਸਹਿਮ ਦਾ ਮਾਹੌਲ

ਅੰਮ੍ਰਿਤਸਰ : ਗੁਰੂ ਨਗਰੀ ’ਚ ਹੁਣ ਗੋਲ਼ੀਆਂ ਚਲਾਉਣੀਆਂ ਆਮ ਗੱਲ ਹੋ ਗਈ ਹੈ। ਸੁਲਤਾਨਵਿੰਡ ਰੋਡ ਅਧੀਨ ਪੈਂਦੇ ਇਲਾਕਾ ਨਿਊ ਗੁਰਨਾਮਪੁਰਾ ਪੀਰਾ ਵਾਲੀ ਗਲੀ ’ਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਬੁੱਧਵਾਰ ਰਾਤ ਕਰੀਬ 8 ਵਜੇ ਰੰਜਿਸ਼ ਕਾਰਨ 5-6 ਨੌਜਵਾਨਾਂ ਨੇ ਇਕ ਨੌਜਵਾਨ ’ਤੇ ਗੋਲ਼ੀਆਂ ਚਲਾ ਦਿੱਤੀਆਂ।

ਪਤਾ ਲੱਗਾ ਹੈ ਕਿ ਗੁਰੂ ਦੇ ਮਹਿਲ ਦੇ ਰਹਿਣ ਵਾਲੇ ਗਗਨਦੀਪ ਸਿੰਘ ਕੁੱਕੂ ਨੂੰ 3 ਗੋਲ਼ੀਆਂ ਲੱਗੀਆਂ ਹਨ, ਜਿਸ ਨੂੰ ਇਲਾਜ ਲਈ ਪੁਲਸ ਵੱਲੋਂ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀ ਕੁੱਕੂ ਦੀਆਂ ਲੱਤਾਂ ’ਚ 2 ਅਤੇ ਬਾਂਹ ’ਚ ਇਕ ਗੋਲ਼ੀ ਲੱਗੀ ਹੈ। ਇਸ ਘਟਨਾ ਨੂੰ ਲੈ ਕੇ ਇਲਾਕੇ ’ਚ ਪੂਰੀ ਤਰ੍ਹਾਂ ਨਾਲ ਦਹਿਸ਼ਤ ਦਾ ਮਾਹੌਲ ਹੈ। ਪੁਲਸ ਨੇ ਮੌਕੇ ’ਤੇ ਜਾ ਕੇ ਉਕਤ ਇਲਾਕੇ ਦੇ ਇਕ ਘਰ ’ਚ ਲੱਗੇ ਡੀ. ਵੀ. ਆਰ. ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਥਾਣਾ ਬੀ ਡਵੀਜ਼ਨ ਦੇ ਐੱਸ. ਐੱਚ. ਓ. ਸ਼ਿਵਦਰਸ਼ਨ ਸਿੰਘ ਅਤੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਪੁਰਾਣੀ ਰੰਜਿਸ਼ ਤਹਿਤ ਵਾਪਰਿਆ ਹੈ। ਪੁਲਸ ਨੇ ਦੱਸਿਆ ਕਿ ਜ਼ਖ਼ਮੀ ਗਗਨਦੀਪ ਸਿੰਘ ਕੁੱਕੂ ਦੀ ਕਿਸੇ ਗੱਲ ਨੂੰ ਲੈ ਕੇ ਬਲਕਾਰ ਸਿੰਘ ਉਰਫ ਲੱਬਾ ਅਤੇ ਇਕ ਹੋਰ ਵਿਅਕਤੀ ਦੀ ਪੁਰਾਣੀ ਦੁਸ਼ਮਣੀ ਚੱਲ ਰਹੀ ਸੀ। ਇਸ ਦੌਰਾਨ ਮੁਲਜ਼ਮ ਲੱਬਾ ਅਤੇ ਉਸ ਦੇ ਨਾਲ ਆਏ ਸਾਥੀਆਂ ਦੇ ਕਾਬੂ ਗਗਨਦੀਪ ਸਿੰਘ ਕੁੱਕੂ ਆ ਗਿਆ।

ਦੂਜੇ ਪਾਸੇ ਮਾਮਲੇ ਦੇ ਚਸ਼ਮਦੀਦ ਗਵਾਹ ਇਸੇ ਇਲਾਕੇ ਦੇ ਦਰਜੀ ਚਮਨ ਲਾਲ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਦੇ ਪਿੱਛੇ 5-6 ਨੌਜਵਾਨ ਭੱਜ ਰਹੇ ਸਨ ਅਤੇ 2-3 ਵਿਅਕਤੀ ਉਸ ’ਤੇ ਗੋਲ਼ੀਆਂ ਚਲਾ ਰਹੇ ਸਨ। ਇਸ ਦੌਰਾਨ ਜ਼ਖ਼ਮੀ ਗਗਨਦੀਪ ਸਿੰਘ ਦੌੜਦਾ ਹੋਇਆ ਦੁਕਾਨ ਅੰਦਰ ਦਾਖ਼ਲ ਹੋ ਗਿਆ ਅਤੇ ਮੁਲਜ਼ਮ ਵੀ ਉਸ ਦੀ ਦੁਕਾਨ ਅੰਦਰ ਦਾਖ਼ਲ ਹੋ ਗਏ ਅਤੇ ਗੋਲ਼ੀਆਂ ਚਲਾਉਂਦੇ ਰਹੇ। ਇਸ ਦੌਰਾਨ ਉਹ ਡਰਦਾ ਹੋਇਆ ਦੁਕਾਨ ਤੋਂ ਬਾਹਰ ਆ ਗਿਆ, ਜਿਸ ਕਾਰਨ ਰੌਲਾ ਪਾਉਣ ’ਤੇ ਲੋਕ ਇਕੱਠੇ ਹੋ ਗਏ ਅਤੇ ਮੁਲਜ਼ਮ ਗਗਨਦੀਪ ਸਿੰਘ ਨੂੰ ਗੋਲ਼ੀਆਂ ਨਾਲ ਲਹੂ-ਲੁਹਾਨ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ 2 ਮੁਲਜ਼ਮਾਂ ਨੇ 2 ਪਿਸਤੌਲਾਂ ਨਾਲ ਫਾਇਰ ਕੀਤੇ। ਇਨ੍ਹਾਂ ਵਿਚੋਂ ਇਕ ਦੀ ਪਛਾਣ ਬਲਕਾਰ ਸਿੰਘ ਉਰਫ ਲੱਬਾ ਵਜੋਂ ਹੋਈ ਹੈ ਅਤੇ ਬਾਕੀ ਮੁਲਜ਼ਮਾਂ ਦੀ ਵੀ ਜਲਦ ਹੀ ਪਛਾਣ ਕਰ ਲਈ ਜਾਵੇਗੀ। ਖਬਰ ਲਿਖੇ ਜਾਣ ਤੱਕ ਪੂਰੇ ਇਲਾਕੇ ’ਚ ਸਨਸਨੀ ਫੈਲੀ ਹੋਈ ਸੀ ਅਤੇ ਪੁਲਸ ਵੱਲੋਂ ਇਲਾਕੇ ’ਚ ਗਸ਼ਤ ਕੀਤੀ ਜਾ ਰਹੀ ਸੀ। ਇਸ ਗੋਲੀਆਂ ਦੀ ਘਟਨਾ ਨਾਲ ਪੁਲਸ ਦੀ ਕਾਰਜਪ੍ਰਣਾਲੀ ’ਤੇ ਮੁੜ ਕਈ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਪੁਲਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

Add a Comment

Your email address will not be published. Required fields are marked *