ਘਰੇਲੂ ਕਲੇਸ਼ ਬਣਿਆ ਪਰਿਵਾਰ ਦੇ 7 ਜੀਆਂ ਦੀ ਮੌਤ ਦੀ ਵਜ੍ਹਾ

ਜੈਪੁਰ : ਰਾਜਸਥਾਨ ਦੇ ਜਾਲੌਰ ਜ਼ਿਲ੍ਹੇ ਦੇ ਸਾਂਚੌਰ ਥਾਣਾ ਇਲਾਕੇ ਵਿਚ ਬੁੱਧਵਾਰ ਨੂੰ ਪਤੀ-ਪਤਨੀ ਨੇ 5 ਬੱਚਿਆਂ ਦੇ ਨਾਲ ਨਹਿਰ ਵਿਚ ਛਾਲ ਮਾਰ ਦਿੱਤੀ। ਘਟਨਾ ਦੀ ਜਾਣਕਾਰੀ ਸਾਂਝੀ ਕਰਦਿਆਂ ਪੁਲਸ ਨੇ ਦੱਸਿਆ ਕਿ ਸਾਰੀਆਂ ਲਾਸ਼ਾਂ ਨੂੰ ਨਹਿਰ ‘ਚੋਂ ਕੱਢ ਲਿਆ ਗਿਆ ਹੈ।

ਜਾਲੌਰ ਦੀ ਪੁਲਸ ਸੁਪਰੀਡੰਟ ਡਾ. ਕਿਰਨ ਕੰਗ ਨੇ ਦੱਸਿਆ ਕਿ ਪਹਿਲੀ ਨਜ਼ਰੇ ਇਹ ਮਾਮਲਾ ਖ਼ੁਦਕੁਸ਼ੀ ਦਾ ਜਾਪਦਾ ਹੈ। ਉਨ੍ਹਾਂ ਦੱਸਿਆ ਕਿ ਗਲੀਫ਼ਾ ਪਿੰਡ ਦੇ ਰਹਿਣ ਵਾਲੇ ਸ਼ੰਕਰ ਲਾਲ ਤੇ ਉਨ੍ਹਾਂ ਦੀ ਪਤਨੀ ਬਾਦਲੀ ਨੇ ਆਪਣੇ 5 ਬੱਚਿਆਂ ਨਾਲ ਨਹਿਰ ਵਿਚ ਛਾਲ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਸਾਰੇ 7 ਲੋਕਾਂ ਦੀਆਂ ਲਾਸ਼ਾਂ 20-25 ਕਿੱਲੋਮੀਟਰ ਦੂਰੋਂ ਬਰਾਮਦ ਕੀਤੀਆਂ ਹਨ। ਕੰਗ ਨੇ ਦੱਸਿਆ ਕਿ ਨਹਿਰ ਤੋਂ ਕੱਢ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜੋੜੇ ਅਤੇ ਬੱਚਿਆਂ ਨੇ ਆਪਸ ਵਿਚ ਪੈਰ ਬੰਨ੍ਹ ਕੇ ਸੰਭਾਵਿਤ ਤੌਰ ‘ਤੇ ਨਹਿਰ ਵਿਚ ਛਾਲ ਮਾਰ ਦਿੱਤੀ। 

ਉਨ੍ਹਾਂ ਅੱਗੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਖੇਤੀਬਾੜੀ ਕਰਨ ਵਾਲੇ ਸ਼ੰਕਰਲਾਲ ਦਾ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਤੋਂ ਬਾਅਦ ਚੱਲ ਰਹੇ ਘਰੇਲੂ ਕਲੇਸ਼ ਦੇ ਕਾਰਨ ਇਹ ਕਦਮ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਨੇ ਮੰਗਲਵਾਰ ਨੂੰ ਨਹਿਰ ਵਿਚ ਛਲ ਮਾਰੀ ਸੀ। ਥਾਣਾ ਅਧਿਕਾਰੀ ਨਿਰੰਜਨ ਪ੍ਰਤਾਪ ਸਿੰਘ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਪੂਰੇ ਪਰਿਵਾਰ ਦੇ ਸਿੱਧੇਸ਼ਵਰ ਪਾਲਡੀ ਨੇੜੇ ਨਰਮਦਾ ਮੁੱਖ ਨਹਿਰ ਵਿਚ ਛਾਲ ਮਾਰਨ ਦੀ ਸੂਚਨਾ ‘ਤੇ ਪੁਲਸ ਪਾਰਟੀ ਨੇ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਬਚਾਅ ਮੁਹਿੰਮ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸ਼ੰਕਰਲਾਲ (32), ਉਨ੍ਹਾਂ ਦੀ ਪਤਨੀ ਬਾਦਲੀ (30) ਤੋਂ ਇਲਾਵਾ ਤਿੰਨ ਕੁੜੀਆਂ ਰਮਿਲਾ(12), ਕੇਸੀ (10) ਅਤੇ ਜਾਨ੍ਹਵੀ (8) ਅਤੇ 2 ਮੁੰਡਿਆਂ ਪ੍ਰਕਾਸ਼ (6) ਅਤੇ ਹਿਤੇਸ਼ (3) ਦੇ ਰੂਪ ਵਿਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਜੇ ਤਕ ਇਸ ਸਬੰਧੀ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ।

Add a Comment

Your email address will not be published. Required fields are marked *