ਫਿਰੋਜ਼ਪੁਰ ’ਚ ਮਹਿਲਾ ਕਾਂਸਟੇਬਲ ਦੀ ਹੱਤਿਆ ਕਰਨ ਮਗਰੋਂ ਪੁਲੀਸ ਕਰਮੀ ਵੱਲੋਂ ਖੁਦਕੁਸ਼ੀ

ਫ਼ਿਰੋਜ਼ਪੁਰ, 29 ਜਨਵਰੀ-: ਇਥੇ ਸਵੈਟ ਟੀਮ ਵਿੱਚ ਤਾਇਨਾਤ ਕਾਂਸਟੇਬਲ ਗੁਰਸੇਵਕ ਸਿੰਘ ਨੇ ਇੱਕ ਮਹਿਲਾ ਕਾਂਸਟੇਬਲ ਦੀ ਹੱਤਿਆ ਕਰਨ ਮਗਰੋਂ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਇਹ ਘਟਨਾ ਦੇਰ ਰਾਤ ਛਾਉਣੀ ਸਥਿਤ ਸ਼ੇਰ ਸ਼ਾਹ ਵਾਲੀ ਚੌਕ ਵਿੱਚ ਵਾਪਰੀ। ਇਸੇ ਦੌਰਾਨ ਅਮਨਦੀਪ ਦੀ ਭਤੀਜੀ ਨਵਦੀਪ ਕੌਰ (17) ਜੋ ਕਿ ਵਾਰਦਾਤ ਵੇਲੇ ਅਮਨਦੀਪ ਦੇ ਨਾਲ ਸੀ ਦੇ ਬਿਆਨਾਂ ’ਤੇ ਥਾਣਾ ਛਾਉਣੀ ਵਿੱਚ ਗੁਰਸੇਵਕ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਥਾਣਾ ਛਾਉਣੀ ਵਿੱਚ ਸੀਸੀਟੀਐੱਨਐੱਸ ਵਿੰਗ ਵਿੱਚ ਤਾਇਨਾਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇਰ ਰਾਤ ਆਪਣੀ ਡਿਊਟੀ ਖ਼ਤਮ ਕਰ ਕੇ ਪੁਲੀਸ ਲਾਈਨ ਸਥਿਤ ਆਪਣੇ ਪਿਤਾ ਦੇ ਸਰਕਾਰੀ ਕੁਆਰਟਰ ਵਿੱਚ ਵਾਪਸ ਆ ਰਹੀ ਸੀ। ਜਦੋਂ ਉਹ ਸ਼ੇਰ ਸ਼ਾਹ ਵਾਲੀ ਚੌਕ ਵਿੱਚ ਪਹੁੰਚੀ ਤਾਂ ਉਥੇ ਪਹਿਲਾਂ ਤੋਂ ਹੀ ਮੌਜੂਦ ਕਾਰ ਸਵਾਰ ਗੁਰਸੇਵਕ ਸਿੰਘ ਨੇ ਐਕਟਿਵਾ ’ਤੇ ਆ ਰਹੀ ਅਮਨਦੀਪ ਨੂੰ ਜਬਰੀ ਰੋਕ ਲਿਆ ਅਤੇ ਤਕਰਾਰ ਮਗਰੋਂ ਗੁਰਸੇਵਕ ਨੇ ਆਪਣੀ ਸਰਕਾਰੀ ਏਕੇ-47 ਰਾਈਫ਼ਲ ਨਾਲ ਅਮਨਦੀਪ ’ਤੇ ਗੋਲੀਆਂ ਚਲਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾਂਦਾ ਹੈ ਕਿ ਅਮਨਦੀਪ ਨੂੰ ਪੰਜ ਗੋਲੀਆਂ ਵੱਜੀਆਂ ਹਨ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਗੁਰਸੇਵਕ ਸਿੰਘ ਫ਼ਰਾਰ ਹੋ ਗਿਆ ’ਤੇ ਉਥੋਂ 30 ਕਿਲੋਮੀਟਰ ਦੂਰ ਤਲਵੰਡੀ ਭਾਈ ਦੇ ਨਜ਼ਦੀਕ ਪਹੁੰਚ ਕੇ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਡੀਐੱਸਪੀ ਦਿਹਾਤੀ ਸੰਦੀਪ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਅਮਨਦੀਪ ਕੌਰ ਦੇ ਪਿਤਾ ਵੀ ਪੁਲੀਸ ਮੁਲਾਜ਼ਮ ਹਨ। ਨਜ਼ਦੀਕੀ ਪਿੰਡ ਨੌਰੰਗ ਕੇ ਸਿਆਲ ਦਾ ਰਹਿਣ ਵਾਲਾ ਗੁਰਸੇਵਕ ਵਿਆਹਿਆ ਹੋਇਆ ਸੀ ਤੇ ਉਸ ਦੀ ਤਿੰਨ ਸਾਲਾਂ ਦੀ ਬੇਟੀ ਵੀ ਹੈ। ਜਦਕਿ ਅਮਨਦੀਪ ਦਾ ਹਾਲੇ ਵਿਆਹ ਨਹੀਂ ਹੋਇਆ ਸੀ। ਇਸੇ ਦੌਰਾਨ ਪਤਾ ਲੱਗਾ ਹੈ ਕਿ ਅਮਨਦੀਪ ਦਾ ਆਪਣੇ ਪਤੀ ਨਾਲ ਤਲਾਕ ਹੋ ਚੁੱਕਾ ਹੈ। ਛਾਉਣੀ ਦੇ ਡੀਏਵੀ ਕਾਲਜ ਵਿੱਚ 12ਵੀਂ ਕਲਾਸ ’ਚ ਪੜ੍ਹਦੀ ਨਵਦੀਪ ਜੋ ਕਿ ਆਪਣੀ ਭੂਆ ਅਮਨਦੀਪ ਦੇ ਨਾਲ ਪੁਲੀਸ ਲਾਈਨ ਦੇ ਸਰਕਾਰੀ ਕੁਆਟਰ ਵਿੱਚ ਰਹਿੰਦੀ ਸੀ, ਨੇ ਦੱਸਿਆ ਕਿ ਗੁਰਸੇਵਕ ਅਤੇ ਅਮਨਦੀਪ ਦੋਸਤ ਸਨ। ਗੁਰਸੇਵਕ ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਅਮਨਦੀਪ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਅਮਨਦੀਪ ਰਾਜ਼ੀ ਨਹੀਂ ਸੀ। ਨਵਦੀਪ ਮੁਤਾਬਕ ਸ਼ਨਿਚਰਵਾਰ ਨੂੰ ਪਹਿਲਾਂ ਗੁਰਸੇਵਕ ਰਾਤ 8.30 ਵਜੇ ਥਾਣਾ ਛਾਉਣੀ ਦੇ ਬਾਹਰ ਆਇਆ ਤੇ ਅਮਨਦੀਪ ਨੂੰ ਬਾਹਰ ਸੱਦ ਕੇ ਗੱਡੀ ਵਿੱਚ ਬਿਠਾ ਲਿਆ। ੳਹ ਕੁਝ ਸਮੇਂ ਤੋਂ ਅਮਨਦੀਪ ਦੇ ਕਿਰਦਾਰ ’ਤੇ ਸ਼ੱਕ ਕਰਦਾ ਸੀ। ਉਸ ਨੇ ਅਮਨਦੀਪ ਨੂੰ ਆਪਣਾ ਮੋਬਾਈਲ ਫ਼ੋਨ ਚੈੱਕ ਕਰਵਾਉਣ ਵਾਸਤੇ ਆਖਿਆ ਪਰ ਉਸ (ਨਵਦੀਪ) ਵੱਲੋਂ ਆਪਣੀ ਭੂਆ ਨੂੰ ਰੋਕਣ ’ਤੇ ਗੁਰਸੇਵਕ ਨੇ ਆਪਣੀ ਸਰਕਾਰੀ ਅਸਾਲਟ ਲੋਡ ਕਰ ਲਈ ਤੇ ਉਸ ਨੂੰ (ਨਵਦੀਪ) ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਰਾਹ ਵਿੱਚ ਰੋਕ ਕੇ ਅਮਨਦੀਪ ਨੂੰ ਗੋਲੀਆਂ ਮਾਰ ਦਿੱਤੀਆਂ ਤੇ ਫ਼ਰਾਰ ਹੋ ਗਿਆ। 

Add a Comment

Your email address will not be published. Required fields are marked *