ਕੈਨੇਡੀਅਨ MP ਜਾਰਜ ਚਾਹਲ ਇੰਡੋ-ਪੈਸੀਫਿਕ ਰਣਨੀਤੀ ਨੂੰ ਵਧਾਉਣ ਪਹੁੰਚੇ ਭਾਰਤ

ਕੈਨੇਡਾ ਦੇ ਸੰਸਦ ਮੈਂਬਰ ਜਾਰਜ ਚਾਹਲ ਉਰਫ ਜੋਧਾ 12 ਦਿਨਾਂ ਦੇ ਦੌਰੇ ‘ਤੇ ਭਾਰਤ ਪਹੁੰਚੇ ਹਨ। ਕੈਨੇਡਾ ਦੇ ਅਲਬਰਟਾ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਕੈਲਗਰੀ ਤੋਂ ਸੰਸਦ ਮੈਂਬਰ ਜਾਰਜ ਚਾਹਲ ਨੇ ਆਪਣੀ ਭਾਰਤ ਫੇਰੀ ਦੌਰਾਨ ਵੱਖ-ਵੱਖ ਸੂਬਿਆਂ ਦਾ ਦੌਰਾ ਕੀਤਾ। ਭਾਰਤ ਅਤੇ ਕੈਨੇਡਾ ਦਰਮਿਆਨ ਵਪਾਰਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਜਾਰਜ ਚਾਹਲ ਨੇ ਮੁੰਬਈ, ਗੁਜਰਾਤ ਅਤੇ ਨਵੀਂ ਦਿੱਲੀ ਵਿੱਚ ਦੇਸ਼ ਦੇ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ ਤੇ ਵੱਖ-ਵੱਖ ਵਿੱਦਿਅਕ ਅਦਾਰਿਆਂ ‘ਚ ਨਵੀਨਤਾ ਦਾ ਸੰਦੇਸ਼ ਦਿੱਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਰਜ ਚਾਹਲ ਨੇ ਕਿਹਾ ਕਿ ਉਨ੍ਹਾਂ ਨੇ ਵੱਧ ਤੋਂ ਵੱਧ ਨਿਵੇਸ਼ ਲਈ ਇੰਡੋ-ਪੈਸੀਫਿਕ ਰਣਨੀਤੀ ਦੀ ਸ਼ੁਰੂਆਤ ਕੀਤੀ ਹੈ ਅਤੇ ਇਸ ਨਾਲ ਉਹ ਨਿਵੇਸ਼ ਵਧਾਉਣ ਲਈ ਇੱਥੇ ਪਹੁੰਚੇ ਹਨ। ਜਾਰਜ ਚਾਹਲ ਨੇ ਕਿਹਾ ਕਿ ਭਾਰਤ ਨੂੰ ਕੈਨੇਡੀਅਨ ਯੂਨੀਵਰਸਿਟੀਆਂ ਅਤੇ ਕਾਲਜਾਂ ਨਾਲ ਭਾਈਵਾਲੀ ਕਰਨੀ ਚਾਹੀਦੀ ਹੈ ਤਾਂ ਜੋ ਕੈਨੇਡਾ ਵਿੱਚ ਪੜ੍ਹਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਨੂੰ ਵੀ ਅੱਗੇ ਵਧਣ ਦਾ ਮੌਕਾ ਮਿਲ ਸਕੇ। ਇਸ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਵੀ ਗੂੜ੍ਹੇ ਹੋਣਗੇ।

ਜਾਰਜ ਚਾਹਲ ਨੇ ਚੰਡੀਗੜ੍ਹ ‘ਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਹਿੱਤ ਵਿੱਚ ਮਿਲ ਕੇ ਕੰਮ ਕਰਨ ਦਾ ਵਾਅਦਾ ਕੀਤਾ। ਅੰਮ੍ਰਿਤਸਰ ਤੋਂ ਬਾਅਦ ਚਾਹਲ ਨੇ ਲੁਧਿਆਣਾ, ਫਿਲੌਰ ਅਤੇ ਹੁਸ਼ਿਆਰਪੁਰ ਦਾ ਦੌਰਾ ਕੀਤਾ ਤੇ ਦੋਵਾਂ ਦੇਸ਼ਾਂ ਦਰਮਿਆਨ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਉਦਯੋਗਪਤੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਤੋਂ ਬਾਅਦ ਚਾਹਲ ਨੇ ਪੰਜਾਬ ਆ ਕੇ ਮੰਗਲਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਕੈਨੇਡੀਅਨ ਸੰਸਦ ਮੈਂਬਰ ਜਾਰਜ ਚਾਹਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਕਿਹਾ ਕਿ ਅੱਜ ਦਾ ਦਿਨ ਬੜੀ ਖੁਸ਼ੀ ਅਤੇ ਸ਼ੁਭਕਾਮਨਾਵਾਂ ਵਾਲਾ ਦਿਨ ਹੈ ਕਿਉਂਕਿ ਅੱਜ ਮੈਂ ਪੰਜਾਬ ਦੇ ਇਸ ਪਵਿੱਤਰ ਗੁਰੂ ਅਸਥਾਨ ਦੇ ਦਰਸ਼ਨ ਕਰਨ ਆਇਆ ਹਾਂ। ਉਨ੍ਹਾਂ ਕਿਹਾ ਕਿ ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਧਰਮ ਨਿਰਪੱਖਤਾ ਦੀ ਸਭ ਤੋਂ ਵੱਡੀ ਮਿਸਾਲ ਹੈ ਕਿਉਂਕਿ ਇੱਥੇ ਸਾਰੇ ਧਰਮਾਂ ਦੇ ਲੋਕ ਮੱਥਾ ਟੇਕ ਕੇ ਖ਼ੁਸ਼ੀ ਤੇ ਆਤਮਿਕ ਆਨੰਦ ਦਾ ਅਨੁਭਵ ਕਰਦੇ ਹਨ। ਉਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਵੀ ਕੀਤਾ ਅਤੇ ਵਿਦਿਆਰਥੀਆਂ ਅਤੇ ਸਟਾਫ਼ ਨਾਲ ਗੱਲਬਾਤ ਕੀਤੀ।

ਇਸ ਕੈਨੇਡੀਅਨ ਸੰਸਦ ਮੈਂਬਰ ਦਾ ਪੰਜਾਬ ਨਾਲ ਖਾਸ ਅਤੇ ਡੂੰਘਾ ਸਬੰਧ ਹੈ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੰਜਾਬ ਨਾਲ ਡੂੰਘਾ ਪਿਆਰ ਹੈ ਕਿਉਂਕਿ ਉਨ੍ਹਾਂ ਦੇ ਦਾਦਾ ਜੀ ਅਤੇ ਬਾਕੀ ਪਰਿਵਾਰ ਪੰਜਾਬ ਦੇ ਨਵਾਂਸ਼ਹਿਰ ਦੇ ਪਿੰਡ ਰਟੈਂਡਾ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਨਾਨਕੇ ਜਲੰਧਰ ਦੇ ਪਿੰਡ ਧੰਨੋਵਾਲੀ ਵਿੱਚ ਹਨ, ਜਦਕਿ ਉਨ੍ਹਾਂ ਦੀ ਪਤਨੀ ਅਮਨਦੀਪ ਕੌਰ ਦਾ ਨਾਨਕਾ ਘਰ ਫਰੀਦਕੋਟ ਵਿੱਚ ਹੈ। ਇਸੇ ਲਈ ਉਹ ਪੰਜਾਬ ਨੂੰ ਆਪਣਾ ਪਹਿਲਾ ਘਰ ਮੰਨਦੇ ਹਨ।

Add a Comment

Your email address will not be published. Required fields are marked *