ਬੇਅਦਬੀ ਕਾਂਡ: ਫ਼ਰੀਦਕੋਟ ਤੋਂ ਤਿੰਨ ਕੇਸ ਚੰਡੀਗੜ੍ਹ ਤਬਦੀਲ

ਫਰੀਦਕੋਟ, 28 ਫਰਵਰੀ-: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਤਿੰਨ ਕੇਸ ਫ਼ਰੀਦਕੋਟ ਦੀ ਅਦਾਲਤ ਤੋਂ ਚੰਡੀਗੜ੍ਹ ਦੀ ਅਦਾਲਤ ਵਿੱਚ ਤਬਦੀਲ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਡੇਰਾ ਪ੍ਰੇਮੀਆਂ ਨੇ 2 ਦਸੰਬਰ 2022 ਨੂੰ ਇਸ ਸਬੰਧੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਉਹ ਪੰਜਾਬ ਵਿੱਚ ਆਪਣੇ ਖ਼ਿਲਾਫ਼ ਚੱਲ ਰਹੇ ਕੇਸਾਂ ਨੂੰ ਭੈਅ-ਮੁਕਤ ਹੋ ਕੇ ਨਹੀਂ ਲੜ ਸਕਦੇ ਕਿਉਂਕਿ ਬੇਅਦਬੀ ਦੇ ਇਲਜ਼ਾਮਾਂ ਵਿੱਚ ਘਿਰੇ ਦੋ ਡੇਰਾ ਪ੍ਰੇਮੀਆਂ ਦਾ ਪੰਜਾਬ ਵਿੱਚ ਕਤਲ ਹੋ ਚੁੱਕਾ ਹੈ।

ਸੁਪਰੀਮ ਕੋਰਟ ਦੇ ਜੱਜ ਜਸਟਿਸ ਅਨੁਰਾਧਾ ਬੋਸ ਅਤੇ ਜਸਟਿਸ ਸੁਧਾਂਸ਼ੂ ਧੂਲੀਆ ਨੇ ਡੇਰਾ ਪ੍ਰੇਮੀਆਂ ਖ਼ਿਲਾਫ਼ ਫਰੀਦਕੋਟ ਵਿੱਚ ਚੱਲ ਰਹੇ ਤਿੰਨਾਂ ਕੇਸਾਂ ਨੂੰ ਚੰਡੀਗੜ੍ਹ ਵਿੱਚ ਤਬਦੀਲ ਕਰਨ ਦੇ ਆਦੇਸ਼ ਦਿੱਤੇ ਹਨ। ਹੁਣ ਇਨ੍ਹਾਂ ਕੇਸਾਂ ਦੀ ਸੁਣਵਾਈ ਜੁਡੀਸ਼ੀਅਲ ਮੈਜਿਸਟਰੇਟ ਚੰਡੀਗੜ੍ਹ ਵੱਲੋਂ ਕੀਤੀ ਜਾਵੇਗੀ। ਹਾਲਾਂਕਿ ਡੇਰਾ ਪ੍ਰੇਮੀ ਇਨ੍ਹਾਂ ਕੇਸਾਂ ਨੂੰ ਹਰਿਆਣਾ, ਰਾਜਸਥਾਨ, ਦਿੱਲੀ ਜਾਂ ਕਿਸੇ ਹੋਰ ਸੂਬੇ ਵਿੱਚ ਲਿਜਾਣਾ ਚਾਹੁੰਦੇ ਸਨ ਜਿਸ ਦਾ ਪੰਜਾਬ ਸਰਕਾਰ ਨੇ ਸਖ਼ਤ ਵਿਰੋਧ ਕੀਤਾ ਸੀ। ਸਰਕਾਰ ਨੇ ਆਪਣੇ ਜਵਾਬ ਵਿੱਚ ਕਿਹਾ ਸੀ ਕਿ ਡੇਰਾ ਪ੍ਰੇਮੀਆਂ ਨੂੰ ਪੁਲੀਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਅਤੇ ਅਦਾਲਤੀ ਸੁਣਵਾਈ ਦੌਰਾਨ ਕਦੇ ਕੋਈ ਘਟਨਾ ਨਹੀਂ ਵਾਪਰੀ। ਡੇਰਾ ਮੁਖੀ ਗੁਰਮੀਤ ਰਾਮ ਰਹੀਮ, ਪ੍ਰੇਮੀ ਸੁਖਜਿੰਦਰ ਸਿੰਘ, ਸ਼ਕਤੀ ਸਿੰਘ, ਰਣਜੀਤ ਸਿੰਘ ਅਤੇ ਬਲਜੀਤ ਸਿੰਘ ਖ਼ਿਲਾਫ਼ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਫਰੀਦਕੋਟ ਦੀ ਅਦਾਲਤ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ, ਉਸ ਦੇ ਅੰਗ ਪਾੜ ਦੇ ਗਲੀਆਂ ਵਿੱਚ ਖਿਲਾਰਨ ਅਤੇ ਇਤਰਾਜ਼ਯੋਗ ਪੋਸਟਰ ਛਾਪਣ ਦੇ ਮਾਮਲੇ ਵਿੱਚ ਦਰਜ ਹੋਏ ਤਿੰਨ ਮੁਕੱਦਮਿਆਂ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਚਲਾਨ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ। ਇਸ ਬੇਅਦਬੀ ਮਾਮਲੇ ਵਿੱਚ ਕੁੱਲ 11 ਡੇਰਾ ਪ੍ਰੇਮੀਆਂ ਨੂੰ ਮੁਲਜ਼ਮਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਮਹਿੰਦਰਪਾਲ ਬਿੱਟੂ ਦਾ ਨਾਭਾ ਜੇਲ੍ਹ ਵਿੱਚ ਕਤਲ ਹੋ ਗਿਆ ਸੀ ਅਤੇ ਪ੍ਰਦੀਪ ਸਿੰਘ ਦਾ ਕੁਝ ਸਮਾਂ ਪਹਿਲਾਂ ਕੋਟਕਪੂਰਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਨ੍ਹਾਂ ਘਟਨਾਵਾਂ ਨੂੰ ਆਧਾਰ ਬਣਾ ਕੇ ਡੇਰਾ ਪ੍ਰੇਮੀਆਂ ਨੇ ਕੇਸ ਪੰਜਾਬ ਤੋਂ ਬਾਹਰ ਭੇਜਣ ਦੀ ਮੰਗ ਕੀਤੀ ਸੀ।

Add a Comment

Your email address will not be published. Required fields are marked *