ਪਹਾੜਾਂ ਵਿੱਚ ਬਰਫ਼ਬਾਰੀ ਕਾਰਨ ਪੰਜਾਬ ’ਚ ਤਾਪਮਾਨ ਘਟਿਆ

ਚੰਡੀਗੜ੍ਹ/ਮਾਨਸਾ, 28 ਫਰਵਰੀ -: ਪਹਾੜਾਂ ਵਿੱਚ ਹੋਈ ਤਾਜ਼ਾ ਬਰਫਬਾਰੀ ਕਾਰਨ ਮੈਦਾਨੀ ਖੇਤਰਾਂ ਵਿੱਚ ਮੁੜ ਠੰਢ ਉਤਰ ਆਈ ਹੈ। ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ, ਕੁੱਲੂ ਅਤੇ ਚੰਬਾ ਜ਼ਿਲ੍ਹਿਆਂ ਵਿੱਚ ਬਰਫ ਪਈ ਹੈ। ਤਾਪਮਾਨ ਘਟਣ ਕਾਰਨ ਸੂਬੇ ’ਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤੇਜ਼ ਧੁੱਪ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ।

ਪੰਜਾਬ ਵਿੱਚ ਤਾਪਮਾਨ ਘਟਣ ਦਾ ਲਾਭ ਕਿਸਾਨਾਂ ਨੂੰ ਹੋ ਸਕਦਾ ਹੈ ਕਿਉਂਕਿ ਅਜਿਹਾ ਮੌਸਮ 35 ਲੱਖ ਹੈਕਟੇਅਰ ਰਕਬੇ ਵਿੱਚ ਬੀਜੀ ਕਣਕ ਦੀ ਫ਼ਸਲ ਲਈ ਲਾਭਦਾਇਕ ਹੈ। ਠੰਢਾ ਮੌਸਮ ਕਣਕ ਦੇ ਝਾੜ ਵਿੱਚ ਵਾਧਾ ਕਰ ਸਕਦਾ ਹੈ। ਦੂਜੇ ਪਾਸੇ ਅੱਜ ਪੰਜਾਬ ਤੇਜ਼ ਹਵਾਵਾਂ ਚੱਲੀਆਂ, ਜਿਸ ਕਾਰਨ ਕੁਝ ਥਾਵਾਂ ’ਤੇ ਕਣਕ ਦੀ ਫ਼ਸਲ ਵਿਛ ਗਈ। ਪੰਜਾਬ ਦੇ ਕੁਝ ਹਿੱਸਿਆਂ ਵਿੱਚ ਤੇਜ਼ ਹਵਾਵਾਂ ਨਾਲ ਛਿੱਟੇ ਪੈਣ ਦੀ ਵੀ ਖ਼ਬਰ ਹੈ। ਅੱਜ ਸਵੇਰ ਤੋਂ ਹੀ ਪੰਜਾਬ ਵਿੱਚ ਮੌਸਮ ਬੱਦਲਵਾਈ ਵਾਲਾ ਬਣਿਆ ਰਿਹਾ। ਹਾਲਾਂਕਿ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਧੁੱਪ ਵੀ ਨਿਕਲੀ ਹੈ। ਤੇਜ਼ ਹਵਾ ਕਾਰਨ ਜਿਹੜੀ ਕਣਕ ਦੀ ਫ਼ਸਲ ਨੂੰ ਤਾਜ਼ਾ ਪਾਣੀ ਲੱਗਿਆ ਹੋਇਆ ਸੀ, ਉਹ ਜ਼ਮੀਨ ’ਤੇ ਵਿਛ ਗਈ। 

ਖੇਤੀ ਮਾਹਿਰਾਂ ਨੇ ਅਗਲੇ 72 ਘੰਟੇ ਕਿਸਾਨਾਂ ਨੂੰ ਫ਼ਸਲਾਂ ਨੂੰ ਪਾਣੀ ਨਾ ਦੇਣ ਦੀ ਸਿਫਾਰਸ਼ ਕੀਤੀ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟੇ ਪੰਜਾਬ ਵਿੱਚ ਅਜਿਹਾ ਹੀ ਮੌਸਮ ਬਣੇ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ, ਜਿਸ ਤੋਂ ਕਿਸਾਨ ਚਿੰਤਾ ਵਿੱਚ ਹਨ।

ਮੌਸਮ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਪੰਜਾਬ ਦੇ ਕੁਝ ਹਿੱਸਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਤੇ ਠੰਢੀਆਂ ਹਵਾਵਾਂ ਚੱਲੀਆਂ। ਉਨ੍ਹਾਂ ਦੱਸਿਆ ਕਿ ਭਲਕੇ ਪਹਿਲੀ ਮਾਰਚ ਨੂੰ ਭਰਵੇਂ ਮੀਂਹ ਦੀ ਆਸ ਹੈ। ਉਨ੍ਹਾਂ ਕਿਹਾ ਕਿ ਕਈ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 6.0 ਤੋਂ 9.0 ਦਰਮਿਆਨ ਰਹਿ ਸਕਦਾ ਹੈ।

Add a Comment

Your email address will not be published. Required fields are marked *