ਅਕਸ਼ੇ ਕੁਮਾਰ ਨੇ ਕਪਿਲ ਦੇ ਸ਼ੋਅ ’ਚ ਉਡਾਇਆ ਮੌਨੀ ਰਾਏ, ਸੋਨਮ ਬਾਜਵਾ ਤੇ ਦਿਸ਼ਾ ਪਾਟਨੀ ਦਾ ਮਜ਼ਾਕ

ਮੁੰਬਈ– ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਸੈਲਫੀ’ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਇਸ ਨੇ ਬਾਕਸ ਆਫਿਸ ’ਤੇ ਭਾਵੇਂ ਕਮਾਈ ਨਾ ਕੀਤੀ ਹੋਵੇ ਪਰ ਅਦਾਕਾਰ ਇਸ ਤੋਂ ਜ਼ਬਰਦਸਤ ਲਾਈਮਲਾਈਟ ਲੁੱਟ ਰਹੇ ਹਨ। ਕਦੇ ਨਾਗਰਿਕਤਾ ਕਾਰਨ ਤੇ ਕਦੇ ਆਪਣੇ ਉੱਤਰੀ ਅਮਰੀਕਾ ਦੌਰੇ ‘ਦਿ ਐਂਟਰਟੇਨਰਜ਼’ ਕਾਰਨ। ਹੁਣ ਉਹ ‘ਦਿ ਕਪਿਲ ਸ਼ਰਮਾ ਸ਼ੋਅ’ ਤੱਕ ਪਹੁੰਚ ਗਏ ਹਨ। ਉਨ੍ਹਾਂ ਦੇ ਨਾਲ ਚਾਰ ਸੁੰਦਰੀਆਂ ਵੀ ਨਜ਼ਰ ਆਈਆਂ। ਅਦਾਕਾਰ ਨੇ ਨੈਸ਼ਨਲ ਟੀ. ਵੀ. ’ਤੇ ਇਨ੍ਹਾਂ ਚਾਰਾਂ ਦਾ ਇਸ ਤਰ੍ਹਾਂ ਮਜ਼ਾਕ ਉਡਾਇਆ ਕਿ ਉਹ ਇਕੱਠ ’ਚ ਸ਼ਰਮਿੰਦਾ ਹੋ ਗਈਆਂ।

ਅਕਸ਼ੇ ਕੁਮਾਰ ਜਦੋਂ ਵੀ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਦਿਖਾਈ ਦਿੰਦੇ ਹਨ ਤਾਂ ਮਨੋਰੰਜਨ ਦਾ ਪੱਧਰ ਉੱਚਾ ਹੋ ਜਾਂਦਾ ਹੈ ਕਿਉਂਕਿ ਉਹ ਕਾਮੇਡੀਅਨ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਹਨ। ਹੁਣ ਜਦੋਂ ਉਹ ‘ਦਿ ਐਂਟਰਟੇਨਰਜ਼’ ਨੂੰ ਪ੍ਰਮੋਟ ਕਰਨ ਲਈ ਸ਼ੋਅ ’ਚ ਪਹੁੰਚੇ ਤਾਂ ਉਨ੍ਹਾਂ ਦੇ ਨਾਲ ਨੋਰਾ ਫਤੇਹੀ, ਸੋਨਮ ਬਾਜਵਾ, ਮੌਨੀ ਰਾਏ ਤੇ ਦਿਸ਼ਾ ਪਾਟਨੀ ਨਜ਼ਰ ਆਈਆਂ। ਜਿਥੇ ਕਪਿਲ ਨੇ ਚਾਰਾਂ ਨਾਲ ਫਲਰਟ ਕੀਤਾ, ਉਥੇ ਅਕਸ਼ੇ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ।

‘ਦਿ ਕਪਿਲ ਸ਼ਰਮਾ ਸ਼ੋਅ’ ਦੇ ਚੱਲ ਰਹੇ ਪ੍ਰੋਮੋ ’ਚ ਅਕਸ਼ੇ ਕੁਮਾਰ ਸਭ ਤੋਂ ਪਹਿਲਾਂ ਮੌਨੀ ਰਾਏ ਦਾ ਨਾਂ ਲੈਂਦੇ ਹਨ। ਉਨ੍ਹਾਂ ਕਿਹਾ, ‘‘ਮੌਨੀ ਰਾਏ, ਇਨ੍ਹਾਂ ਦਾ ਹੁਣੇ-ਹੁਣੇ ਵਿਆਹ ਹੋਇਆ ਹੈ। ਉਸ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਜਦੋਂ ਉਸ ਨੇ ਨਾਗਿਨ ਦਾ ਕਿਰਦਾਰ ਨਿਭਾਇਆ ਸੀ ਤਾਂ ਲੋਕ ਉਸ ਦੇ ਪਤੀ ਨੂੰ ਵਜਾਉਣ ਲਈ ਬੀਨ ਦਿੰਦੇ ਹਨ।’’

ਇਸ ’ਤੇ ਅਦਾਕਾਰਾ ਕਹਿੰਦੀ ਹੈ, ‘‘ਤੁਸੀਂ ਬਹੁਤ ਮਾੜੇ ਹੋ।’’ ਇਸ ਤੋਂ ਬਾਅਦ ਅਕਸ਼ੇ ਅਦਾਕਾਰਾ ਦਿਸ਼ਾ ਪਾਟਨੀ ਬਾਰੇ ਕਹਿੰਦੇ ਹਨ, ‘‘ਦਿਸ਼ਾ ਸੈਰ ਕਰਨ ਦੀ ਸ਼ੌਕੀਨ ਹੈ। ਇਸ ਲਈ ਇਸ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਜੇਕਰ ਉਹ ਕਦੇ ਸਫਾਰੀ ’ਤੇ ਜਾਂਦੀ ਹੈ ਤਾਂ ਕਿਤੇ ਉਸ ਨੂੰ ਉਥੇ ਟਾਈਗਰ ਨਾ ਮਿਲ ਜਾਵੇ।’’

ਅਕਸ਼ੇ ਕੁਮਾਰ ਨੇ ਸੋਨਮ ਬਾਜਵਾ ’ਤੇ ਵੀ ਟਿੱਪਣੀ ਕੀਤੀ। ਉਨ੍ਹਾਂ ਕਿਹਾ, ‘‘ਸੋਨਮ ਬਾਜਵਾ ਪਹਿਲਾਂ ਏਅਰਹੋਸਟੈੱਸ ਸੀ। ਸਾਨੂੰ ਇਸ ਗੱਲ ਦੀ ਚਿੰਤਾ ਹੈ ਕਿ ਜੇਕਰ ਕੋਈ ਫਲਾਈਟ ’ਚ ਘੰਟੀ ਵਜਾਉਂਦਾ ਹੈ ਤਾਂ ਇਹ ਉੱਠ ਕੇ ਚਲੀ ਨਾ ਜਾਵੇ। ਫਿਰ ਸਾਨੂੰ ਰੋਕਣਾ ਪਵੇਗਾ ਕਿ ਤੁਹਾਡੇ ਲਈ ਘੰਟੀ ਵੱਜੀ ਜਾਂ ਨਹੀਂ।’’ ਇਸ ਤੋਂ ਇਲਾਵਾ ਅਕਸ਼ੇ ਕੁਮਾਰ ਅਰਚਨਾ ਪੂਰਨ ਸਿੰਘ ਨੂੰ ਵੀ ਨਹੀਂ ਬਖਸ਼ਦੇ। ਉਹ ਉਨ੍ਹਾਂ ਨਾਲ ਮਜ਼ਾਕ ਕਰਦੇ ਵੀ ਨਜ਼ਰ ਆਉਂਦੇ ਹਨ।

Add a Comment

Your email address will not be published. Required fields are marked *