ਪੰਜਾਬ ਪੁਲੀਸ ਖਾਲਿਸਤਾਨੀ ਅਨਸਰਾਂ ਨਾਲ ਨਜਿੱਠਣ ਦੇ ਸਮਰੱਥ: ਭਗਵੰਤ ਮਾਨ

ਭਾਵਨਗਰ, 26 ਫਰਵਰੀ-: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬੇ ਦੀ ਪੁਲੀਸ ਖਾਲਿਸਤਾਨੀ ਅਨਸਰਾਂ ਨਾਲ ਨਜਿੱਠਣ ਦੇ ਸਮਰੱਥ ਹੈ। ਉਨ੍ਹਾਂ ਦਾਅਵਾ ਕੀਤਾ ਕਿ ਖਾਲਿਸਤਾਨ ਹਮਾਇਤੀਆਂ ਨੂੰ ਪਾਕਿਸਤਾਨ ਤੇ ਹੋਰਨਾਂ ਮੁਲਕਾਂ ਤੋਂ ਵਿੱਤੀ ਮਦਦ ਮਿਲ ਰਹੀ ਹੈ। ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਹਮਾਇਤੀਆਂ ਦੀਆਂ ਪੰਜਾਬ ਵਿੱਚ ਵਧਦੀਆਂ ਸਰਗਰਮੀਆਂ ਦੇ ਮੱਦੇਨਜ਼ਰ ਮੁੱਖ ਮੰਤਰੀ ਮਾਨ ਦੀਆਂ ਇਹ ਟਿੱਪਣੀਆਂ ਕਾਫ਼ੀ ਅਹਿਮ ਹਨ। ਮੁੱਖ ਮੰਤਰੀ ਮਾਨ, ਜੋ ਅੱਜ ਗੁਜਰਾਤ ਦੌਰ ’ਤੇ ਸਨ, ਨੇ ਖਾਲਿਸਤਾਨੀ ਅਨਸਰਾਂ ਦੇ ਟਾਕਰੇ ਲਈ ਕਿਸੇ ਮਜ਼ਬੂਤ ਰਣਨੀਤੀ ਦਾ ਖੁਲਾਸਾ ਕੀਤੇ ਬਿਨਾਂ ਕਿਹਾ ਕਿ ਪੰਜਾਬ ਪੁਲੀਸ ਇਸ ਮਸਲੇ ਨਾਲ ਨਜਿੱਠਣ ਦੇ ਸਮਰੱਥ ਹੈ ਤੇ ਕੁਝ ਮੁੱਠੀ ਭਰ ਲੋਕ ਹੀ ਪੰਜਾਬ ਵਿੱਚ ਖਾਲਿਸਤਾਨ ਪੱਖੀ ਮੁਹਿੰਮ ਦੀ ਹਮਾਇਤ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਰਾਜ ਭਵਨ, ਭਾਜਪਾ ਦੇ ਹੈੱਡਕੁਆਰਟਰ ਬਣਨ ਲੱਗੇ ਹਨ ਤੇ ਰਾਜਪਾਲ ਭਾਜਪਾ ਦੇ ਸਟਾਰ ਪ੍ਰਚਾਰਕਾਂ ਵਜੋਂ ਵਿਚਰ ਰਹੇ ਹਨ। ਇਥੇ ਭਾਵਨਗਰ ਵਿੱਚ ਸਮੂਹਿਕ ਵਿਆਹਾਂ ਲਈ ਰੱਖੇ ਸਮਾਗਮ ’ਚ ਸ਼ਿਰਕਤ ਕਰਨ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਕੀ ਤੁਹਾਨੂੰ ਲੱਗਦਾ ਹੈ ਕਿ 1000 ਲੋਕ (ਜੋ ਖਾਲਿਸਤਾਨ ਪੱਖੀ ਨਾਅਰੇ ਲਾ ਰਹੇ ਸਨ) ਪੂਰੇ ਪੰਜਾਬ ਦੀ ਤਰਜਮਾਨੀ ਕਰਦੇ ਹਨ? ਤੁਸੀਂ ਖ਼ੁਦ ਪੰਜਾਬ ਆ ਕੇ ਆਪਣੀ ਅੱਖੀਂ ਵੇਖ ਸਕਦੇ ਹੋ ਕਿ ਅਜਿਹੇ ਨਾਅਰੇ ਲਾਉਣ ਵਾਲੇ ਕੌਣ ਲੋਕ ਹਨ।’’ ਪੱਤਰਕਾਰਾਂ ਨੇ ਮਾਨ ਨੂੰ ਅਜਨਾਲਾ ਵਿੱਚ ਅੰਮ੍ਰਿਤਪਾਲ ਸਮਰਥਕਾਂ ਵੱਲੋਂ ਥਾਣੇ ’ਤੇ ਕੀਤੇ ਹਮਲੇ ਬਾਰੇ ਸਵਾਲ ਕੀਤਾ ਸੀ। ਮਾਨ ਨੇ ਕਿਹਾ, ‘‘ਇਸ ਘਟਨਾ ਪਿੱਛੇ ਕੁਝ ਮੁੱਠੀ ਭਰ ਲੋਕ ਹਨ ਤੇ ਉਹ ਪਾਕਿਸਤਾਨ ਤੇ ਹੋਰਨਾਂ ਵਿਦੇਸ਼ੀ ਮੁਲਕਾਂ ਤੋਂ ਮਿਲ ਰਹੇ ਫੰਡਾਂ ਰਾਹੀਂ ਆਪਣੀ ਦੁਕਾਨਦਾਰੀ ਚਲਾ ਰਹੇ ਹਨ।’’ ਮੁੱਖ ਮੰਤਰੀ ਨੇ ਕਿਹਾ, ‘‘ਰਾਜਸਥਾਨ ਦਾ ਇਕ ਵੱਡਾ ਹਿੱਸਾ ਪਾਕਿਸਤਾਨ ਨਾਲ ਲੱਗਦਾ ਹੈ, ਪਰ (ਪਾਕਿਸਤਾਨ ਤੋਂ ਆਉਂਦੇ) ਡਰੋਨ ਸਿਰਫ਼ ਪੰਜਾਬ ਦੀ ਧਰਤੀ ’ਤੇ ਹੀ ਕਿਉਂ ਉਤਰਦੇ ਹਨ, ਰਾਜਸਥਾਨ ’ਚ ਕਿਉਂ ਨਹੀਂ? ਕਿਉਂਕਿ ਉਨ੍ਹਾਂ (ਖਾਲਿਸਤਾਨੀ ਅਨਸਰਾਂ) ਦੇ ਆਕਾ ਉਥੇ (ਪਾਕਿਸਤਾਨ ਵਿੱਚ) ਬੈਠੇ ਹਨ ਤੇ ਉਹ ਪੰਜਾਬ ਦੀ ਅਮਨ ਤੇ ਸ਼ਾਂਤੀ ਨੂੰ ਢਾਹ ਲਾਉਣਾ ਚਾਹੁੰਦੇ ਹਨ। ਪਰ ਅਸੀਂ ਉਨ੍ਹਾਂ ਨੂੰ ਸਫ਼ਲ ਨਹੀਂ ਹੋਣ ਦਿਆਂਗੇ।’’ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਹਮਾਇਤੀਆਂ ਵੱਲੋਂ ਅਜਨਾਲਾ ਵਿੱਚ ਪੁਲੀਸ ਸਟੇਸ਼ਨ ਅੰਦਰ ਦਾਖਲ ਹੋ ਕੇ ਭੰਨਤੋੜ ਕਰਨ ਮੌਕੇ ਇਕ ਪਾਲਕੀ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਲਿਆਉਣ ਦੇ ਹਵਾਲੇ ਨਾਲ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਵਜੋਂ ਵਰਤਦੇ ਹਨ, ਉਨ੍ਹਾਂ ਨੂੰ ‘ਵਾਰਿਸ ਪੰਜਾਬ ਦੇ’ ਕਹਾਉਣ ਦਾ ਕੋਈ ਅਧਿਕਾਰ ਨਹੀਂ ਹੈ। ਮੁੱਖ ਮੰਤਰੀ ਨੇ ਅੰਮ੍ਰਿਤਪਾਲ ਸਿੰਘ ਦੀ ਅਗਲੇ ਦਿਨਾਂ ਵਿੱਚ ਹੋਰ ਹਿੰਸਾ ਦੀ ਦਿੱਤੀ ਕਥਿਤ ਧਮਕੀ ਨੂੰ ਖਾਰਜ ਕਰਦਿਆਂ ਕਿਹਾ, ‘‘ਇਹ ਖਿਆਲੀ ਪੁਲਾਓ ਭਾਵ ਦਿਨੇਂ ਸੁਫ਼ਨੇ ਵੇਖਣ ਵਾਂਗ ਹੈ। ਪੰਜਾਬ ਨੇ ਬੀਤੇ ਵਿੱਚ ਵੀ ਕਾਲੇ ਦਿਨ ਵੇਖੇ ਹਨ। ਪੰਜਾਬ ਪੁਲੀਸ ਇਨ੍ਹਾਂ ਨਾਲ ਨਜਿੱਠਣ ਦੇ ਪੂਰੀ ਤਰ੍ਹਾਂ ਸਮਰੱਥ ਹੈ ਤੇ ਅਸੀਂ ਕਿਸੇ ਨੂੰ ਵੀ ਸੂਬੇ ਦਾ ਮਾਹੌਲ ਵਿਗਾੜਨ ਦੀ ਇਜਾਜ਼ਤ ਨਹੀਂ ਦੇਵਾਂਗੇ।’’ 

Add a Comment

Your email address will not be published. Required fields are marked *