ਲੁਧਿਆਣਾ DMC ਹਸਪਤਾਲ ਬਣਿਆ ਪੁਲਸ ਛਾਉਣੀ, ਨਿਹੰਗ ਸਿੰਘਾਂ ਨੇ ਲਾਇਆ ਡੇਰਾ

ਲੁਧਿਆਣਾ : ਕੌਮੀ ਇਨਸਾਫ਼ ਮੋਰਚੇ ਵੱਲੋਂ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ‘ਚੋਂ ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਲੈ ਕੇ ਜਾਣ ਦੇ ਐਲਾਨ ਤੋਂ ਪਹਿਲਾਂ ਦੇਰ ਸ਼ਾਮ ਹਸਪਤਾਲ ‘ਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਕੁੱਝ ਸਿੱਖ ਜੱਥੇਬੰਦੀਆਂ ਦੇ ਮੈਂਬਰਾਂ ਵੱਲੋਂ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਡੀ. ਐੱਮ. ਸੀ. ਹਸਪਤਾਲ ਤੋਂ ਵ੍ਹੀਲਚੇਅਰ ‘ਤੇ ਲਿਜਾਇਆ ਗਿਆ। ਉਨ੍ਹਾਂ ਨੂੰ ਪੁਲਸ ਨੇ ਰੋਕ ਲਿਆ। ਘਟਨਾ ਦੀ ਸੂਚਨਾ ਜਿਵੇਂ ਹੀ ਉੱਚ ਅਧਿਕਾਰੀਆਂ ਤੱਕ ਪਹੁੰਚੀ ਤਾਂ ਉੱਥੇ ਹਫੜਾ-ਦਫੜੀ ਮਚ ਗਈ ਅਤੇ ਕੁੱਝ ਹੀ ਸਮੇਂ ‘ਚ ਪੂਰਾ ਹਸਪਤਾਲ ਪੁਲਸ ਛਾਉਣੀ ‘ਚ ਤਬਦੀਲ ਹੋ ਗਿਆ।

ਇਸ ਦੇ ਨਾਲ ਹੀ ਪੁਲਸ ਨੇ ਸਿੱਖ ਜੱਥੇਬੰਦੀਆਂ ਦੇ ਮੈਂਬਰਾਂ ਤੋਂ ਬਾਪੂ ਸੂਰਤ ਸਿੰਘ ਖਾਲਸਾ ਨੂੰ ਵਾਪਸ ਲੈ ਕੇ ਹਸਪਤਾਲ ਦੇ ਕਮਰੇ ‘ਚ ਲੈ ਆਂਦਾ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਸ ਅਧਿਕਾਰੀ ਸਿੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸਮਝਾਉਂਦੇ ਰਹੇ। ਕਰੀਬ 4 ਤੋਂ 5 ਘੰਟੇ ਤੱਕ ਹਸਪਤਾਲ ‘ਚ ਮਾਹੌਲ ਤਣਾਅਪੂਰਨ ਬਣਿਆ ਰਿਹਾ। ਹਸਪਤਾਲ ਦੇ ਗੇਟ ਵੀ ਬੰਦ ਕਰ ਦਿੱਤੇ ਗਏ ਅਤੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਇੱਥੋਂ ਤੱਕ ਕਿ ਕੁੱਝ ਲੋਕ ਗੇਟ ਟੱਪ ਕੇ ਅੰਦਰ ਚਲੇ ਗਏ। ਦੇਰ ਰਾਤ ਹਸਪਤਾਲ ਤੋਂ ਬਾਹਰ ਆਏ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਿੱਖ ਜੱਥੇਬੰਦੀਆਂ ਨੂੰ ਬਾਪੂ ਸੂਰਤ ਸਿੰਘ ਖ਼ਾਲਸਾ ਦੀ ਸਿਹਤ ਠੀਕ ਨਾ ਹੋਣ ਦੀ ਗੱਲ ਕਹੀ ਗਈ ਹੈ ਅਤੇ ਪ੍ਰਸ਼ਾਸਨ ਵੱਲੋਂ ਮੈਡੀਕਲ ਟੀਮ ਦਾ ਗਠਨ ਕੀਤਾ ਗਿਆ ਹੈ, ਜਿਸ ਰਾਹੀਂ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ ਜਾਵੇਗੀ।

ਫਿੱਟਨੈਸ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਬਾਰੇ ਸਿੱਖ ਜੱਥੇਬੰਦੀਆਂ ਦੇ ਨੁਮਾਇੰਦੇ ਵੀ ਸਹਿਮਤ ਹਨ। ਦੂਜੇ ਪਾਸੇ ਸਿੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਬਾਪੂ ਸੂਰਤ ਸਿੰਘ ਖਾਲਸਾ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾਵੇ।  ਇਹ ਉਨ੍ਹਾਂ ਦੀ ਆਪਣੀ ਮਰਜ਼ੀ ਹੋਵੇਗੀ ਕਿ ਮੋਰਚੇ ‘ਤੇ ਜਾਣਾ ਹੈ ਜਾਂ ਘਰ ਜਾਣਾ ਹੈ।  ਹਾਲਾਂਕਿ ਉਨ੍ਹਾਂ ਦੇ ਕੁੱਝ ਨੁਮਾਇੰਦੇ ਅਜੇ ਵੀ ਹਸਪਤਾਲ ਵਿੱਚ ਹਨ।

Add a Comment

Your email address will not be published. Required fields are marked *