ਪੁਲਵਾਮਾ ‘ਚ ਅੱਤਵਾਦੀਆਂ ਨੇ ਕਸ਼ਮੀਰੀ ਪੰਡਿਤ ਨੂੰ ਗੋਲ਼ੀਆਂ ਨਾਲ ਭੁੰਨਿਆ

ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਅੱਤਵਾਦੀਆਂ ਨੇ ਐਤਵਾਰ ਨੂੰ ਕਸ਼ਮੀਰੀ ਪੰਡਿਤ ਭਾਈਚਾਰੇ ਦੇ 40 ਸਾਲਾ ਇਕ ਵਿਅਕਤੀ ਦਾ ਉਸ ਵੇਲੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ, ਜਦੋਂ ਉਹ ਬਾਜ਼ਾਰ ਜਾ ਰਿਹਾ ਸੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਕਸ਼ਮੀਰ ਘਾਟੀ ਵਿਚ ਘੱਟ-ਗਿਣਤੀ ਭਾਈਚਾਰੇ ਦੀ ਟਾਰਗੇਟ ਕਿਲਿੰਗ ਦਾ ਇਕ ਹੋਰ ਮਾਮਲਾ ਹੈ।

ਪੁਲਸ ਨੇ ਦੱਸਿਆ ਕਿ ਇਕ ਏ.ਟੀ.ਐੱਮ. ਦੇ ਸੁਰੱਖਿਆ ਗਾਰਡ ਵਜੋਂ ਕੰਮ ਕਰਨ ਵਾਲੇ ਸੰਜੇ ਸ਼ਰਮਾ ‘ਤੇ ਦੱਖਣੀ ਕਸ਼ਮੀਰ ਸਥਿਤ ਪੁਲਵਾਮਾ ਜ਼ਿਲ੍ਹੇ ਦੇ ਅਚਨ ਇਲਾਕੇ ਵਿਚ ਸਵੇਰੇ ਤਕਰੀਬਨ 11 ਵਜੇ ਗੋਲ਼ੀ ਚਲਾਈ ਗਈ, ਜੋ ਉਸ ਦੀ ਛਾਤੀ ਵਿਚ ਲੱਗੀ। ਉਨ੍ਹਾਂ ਦੱਸਿਆ ਕਿ ਰਾਹਗੀਰ ਉਨ੍ਹਾਂ ਨੂੰ ਇਕ ਹਸਪਤਾਲ ਲੈ ਗਏ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਹ ਹਮਲਾ ਸ਼ਰਮਾ ਦੀ ਰਿਹਾਇਸ਼ ਤੋਂ ਮਹਿਜ਼ 100 ਮੀਟਰ ਦੀ ਦੂਰੀ ‘ਤੇ ਕੀਤਾ ਗਿਆ। ਸੰਜੇ ਸ਼ਰਮਾ ਨਾਲ ਕੰਮ ਕਰਨ ਵਾਲਿਆਂ ਨੇ ਦੱਸਿਆ ਕਿ ਕਸ਼ਮੀਰੀ ਪੰਡਿਤ ਭਾਈਚਾਰੇ ‘ਤੇ ਹੋ ਰਹੇ ਹਮਲਿਆਂ ਕਾਰਨ ਉਹ ਰਾਤ ਦੀ ਡਿਊਟੀ ‘ਤੇ ਨਹੀਂ ਜਾ ਰਿਹਾ ਸੀ। 

ਘਟਨਾ ਸਬੰਧੀ ਗੱਲਬਾਤ ਕਰਦਿਆਂ ਡੀ.ਆਈ.ਜੀ. ਦੱਖਣੀ ਕਸ਼ਮੀਰ ਰਈਸ ਭੱਟ ਨੇ ਕਿਹਾ ਕਿ ਇਹ ਇਕ ਸੋਚਿਆ-ਸਮਝਿਆ ਹਮਲਾ ਸੀ। ਉਨ੍ਹਾਂ ਦੱਸਿਆ ਕਿ ਘਟਨਾ ਵਾਲੇ ਪਿੰਡ ਵਿਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਾਰਦਾਤ ਨਾਲ ਜੁੜੇ ਅੱਤਵਾਦੀਆਂ ਦਾ ਛੇਤੀ ਪਤਾ ਲਗਾ ਕੇ ਉਨ੍ਹਾਂ ਨੂੰ ਮਾਰ ਮੁਕਾਇਆ ਜਾਵੇਗਾ। ਅਸੀਂ ਅੱਤਵਾਦੀਆਂ ਨੂੰ ਉਨ੍ਹਾਂ ਦੇ ਨਾਪਾਕ ਮਨਸੂਬਿਆਂ ਵਿਚ ਸਫ਼ਲ ਨਹੀਂ ਹੋਣ ਦੇਵਾਂਗੇ।

ਉਪ ਰਾਜਪਾਲ ਮਨੋਜ ਸਿਨਹਾ ਤੇ ਸਿਆਸੀ ਆਗੂਆਂ ਵੱਲੋਂ ਕਤਲ ਦੀ ਨਿਖੇਧੀ ਕੀਤੀ ਗਈ ਹੈ। ਸਿਨਹਾ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਅੱਤਵਾਦੀਆਂ ਨਾਲ ਨਜਿੱਠਣ ਲਈ ਸੁਰੱਖਿਆ ਬਲਾਂ ਨੂੰ ਪੂਰੀ ਖੁਲ੍ਹ ਦਿੱਤੀ ਹੈ। ਅਸੀਂ ਅੱਤਵਾਦ ਦੀਆਂ ਅਜਿਹੀਆਂ ਹਰਕਤਾਂ ਦਾ ਮੁਕਾਬਲਾ ਕਰਨਾ ਜਾਰੀ ਰੱਖਾਂਗੇ। 

Add a Comment

Your email address will not be published. Required fields are marked *