ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਉਪ ਮੁੱਖ ਮੰਤਰੀ ਡੀ.ਕੇ ਸ਼ਿਵਕੁਮਾਰ ਖ਼ਿਲਾਫ਼ FIR ਦਰਜ

ਬੈਂਗਲੁਰੂ – ਬੈਂਗਲੁਰੂ ਪੁਲਸ ਨੇ ਸੋਸ਼ਲ ਮੀਡੀਆ ’ਤੇ ਭੜਕਾਊ ਅਤੇ ਫਰਜ਼ੀ ਪੋਸਟਾਂ ਪਾਉਣ ਲਈ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਅਤੇ ਕਾਂਗਰਸ ਪਾਰਟੀ ਦੇ ਸੋਸ਼ਲ ਮੀਡੀਆ ਸੈੱਲ ਦੇ ਬੀ. ਆਰ. ਨਾਇਡੂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਹੈ।

ਦੋਸ਼ ਹੈ ਕਿ ਦੋਵਾਂ ਨੇਤਾਵਾਂ ਨੇ ਸੋਸ਼ਲ ਮੀਡੀਆ ’ਤੇ ਭਾਜਪਾ ਨੇਤਾਵਾਂ ਖਿਲਾਫ ਭੜਕਾਊ ਅਤੇ ਫਰਜ਼ੀ ਪੋਸਟਾਂ ਪਾਈਆਂ। ਇਥੋਂ ਦੀ ਵਧੀਕ ਮੁੱਖ ਮੈਟਰੋਪੌਲੀਟਨ ਮੈਜਿਸਟ੍ਰੇਟ ਅਦਾਲਤ ਨੇ ਫਰਵਰੀ ਵਿਚ ਬੈਂਗਲੁਰੂ ਪੁਲਸ ਨੂੰ ਐੱਫ. ਆਈ. ਆਰ. ਦਰਜ ਕਰਨ ਦਾ ਹੁਕਮ ਦਿੱਤਾ ਸੀ। 1992 ਦੇ ਬਾਬਰੀ ਮਸਜਿਦ ਢਾਹੁਣ ਦੇ ਅੰਦੋਲਨ ’ਚ ਹਿੱਸਾ ਲੈਣ ਵਾਲੇ ਕਾਰ ਸੇਵਕ ਸ਼੍ਰੀਕਾਂਤ ਪੁਜਾਰੀ ਦੀ ਗ੍ਰਿਫਤਾਰੀ ਦੇ ਵਿਰੋਧ ’ਚ ਭਾਜਪਾ ਨੇਤਾਵਾਂ ਨੇ ਹਿੱਸਾ ਲਿਆ ਸੀ। ਭਾਜਪਾ ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥਾਂ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ’ਤੇ ਲਿਖਿਆ ਸੀ, ‘ਮੈਂ ਵੀ ਕਾਰਸੇਵਕ ਹਾਂ, ਮੈਨੂੰ ਵੀ ਗ੍ਰਿਫ਼ਤਾਰ ਕਰੋ।’

ਕਾਂਗਰਸ ਆਈ. ਟੀ. ਸੈੱਲ ਨੇ ਤਖਤੀਆਂ ’ਤੇ ਲਿਖੇ ਸ਼ਬਦਾਂ ਨਾਲ ਛੇੜਛਾੜ ਕੀਤੀ ਅਤੇ ਹੋਰ ਬੇਨਿਯਮੀਆਂ ਦੇ ਇਕਬਾਲੀਆ ਬਿਆਨ ਵਰਗਾ ਬਣਾ ਕੇ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ। ਇਸ ਨੂੰ ਸੂਬਾ ਕਾਂਗਰਸ ਇਕਾਈ ਦੇ ਮੁਖੀ ਸ਼ਿਵਕੁਮਾਰ ਦੇ ਸੋਸ਼ਲ ਮੀਡੀਆ ਹੈਂਡਲ ’ਤੇ ਵੀ ਸਾਂਝਾ ਕੀਤਾ ਗਿਆ ਸੀ।

Add a Comment

Your email address will not be published. Required fields are marked *