ਇਟਲੀ ਨੇੜੇ ਕਿਸ਼ਤੀ ਹਾਦਸਾਗ੍ਰਸਤ; 59 ਪਰਵਾਸੀਆਂ ਦੀ ਮੌਤ

ਰੋਮ, 26 ਫਰਵਰੀ-: ਇਟਲੀ ਦੇ ਦੱਖਣੀ ਤੱਟ ਨੇੜੇ ਅੱਜ ਇੱਕ ਕਿਸ਼ਤੀ ਦੇ ਚਟਾਨਾਂ ਨਾਲ ਟਕਰਾਉਣ ਮਗਰੋਂ 59 ਪਰਵਾਸੀਆਂ ਦੀ ਮੌਤ ਹੋ ਗਈ ਹੈ। ਹਾਦਸੇ ’ਚ 81 ਵਿਅਕਤੀਆਂ ਨੂੰ ਬਚਾਅ ਲਿਆ ਗਿਆ ਹੈ। ਇਟਲੀ ਤੱਟ ਰੱਖਿਅਕਾਂ ਅਤੇ ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਸਰਕਾਰੀ ਰੇਡੀਓ ‘ਆਰਆਈਏ’ ਦੀ ਖ਼ਬਰ ਵਿੱਚ ਮ੍ਰਿਤਕਾਂ ਦੀ ਗਿਣਤੀ 30 ਦੱਸੀ ਗਈ ਸੀ। ਇਟਲੀ ਦੀ ਖ਼ਬਰ ਏਜੰਸੀ ‘ਏਜੀਆਈ’ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਕੁਝ ਕੁ ਮਹੀਨਿਆਂ ਦੀ ਇੱਕ ਬੱਚੀ ਵੀ ਸ਼ਾਮਲ ਹੈ।

‘ਆਰਆਈਏ’ ਨੇ ਇਟਲੀ ਦੇ ਕੈਲੇਬਰੀਆ ਪ੍ਰਾਇਦੀਪ ਦੇ ਤੱਟੀ ਸ਼ਹਿਰ ਕਰੋਟੋਨ ਨੇੜੇ ਬੰਦਰਗਾਹ ਅਧਿਕਾਰੀਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਸਵੇਰ ਸਮੇਂ ਜਦੋਂ ਲੋਨੀਅਲ ਸਮੁੰਦਰ ਵਿੱਚ ਕਿਸ਼ਤੀ ਹਾਦਸਾਗ੍ਰਸਤ ਹੋਈ, ਉਸ ਸਮੇਂ ਕਿਸ਼ਤੀ ਵਿੱਚ 100 ਤੋਂ ਵੱਧ ਲੋਕ ਸਵਾਰ ਸਨ। ਬਚਾਅ ਕਾਰਜਾਂ ਵਿੱਚ ਜੁਟੇ ਫਾਇਰਬ੍ਰਿਗੇਡ ਕਰਮਚਾਰੀਆਂ ਦੇ ਤਰਜਮਾਨ ਲੂਕਾ ਕਾਰੀ ਨੇ ਦੱਸਿਆ ਕਿ ਹੁਣ ਤੱਕ 81 ਵਿਅਕਤੀ ਜਿਊਂਦੇ ਮਿਲੇ ਹਨ, ਜਿਹੜੇ ਕਿ ਕਿਸ਼ਤੀ ਟੁੱਟਣ ਮਗਰੋਂ ਕਿਸੇ ਤਰ੍ਹਾਂ ਬਚਣ ਵਿੱਚ ਸਫਲ ਹੋ ਗਏ ਸਨ। ਤੱਟ ਰੱਖਿਅਕ ਨੇ ਦੱਸਿਆ, ‘‘ਕਿਸ਼ਤੀ ਵਿੱਚ ਲਗਪਗ 120 ਜਣੇ ਸਵਾਰ ਸਨ ਅਤੇ ਉਹ ਕਿਨਾਰੇ ਤੋਂ ਚੱਲਣ ਮਗਰੋਂ ਥੋੜ੍ਹੀ ਦੂਰ ਹੀ ਚਟਾਨ ਨਾਲ ਟਕਰਾ ਗਈ।’’ ਉਨ੍ਹਾਂ ਦੱਸਿਆ ਕਿ ਬਚਾਅ ਕਾਰਜ ਜਾਰੀ ਹਨ।

Add a Comment

Your email address will not be published. Required fields are marked *