ਹਾਲੀਵੁੱਡ ਕ੍ਰਿਟਿਕਸ ਐਸੋਸੀਏਸ਼ਨ ਐਵਾਰਡਸ ’ਚ ‘ਆਰ. ਆਰ. ਆਰ.’ ਦੀ ਧੂਮ, ਜਿੱਤੇ 4 ਵੱਡੇ ਐਵਾਰਡ

ਮੁੰਬਈ – ਭਾਰਤ ਦੀ ਇਕ ਫ਼ਿਲਮ ਜਿਸ ਦਾ ਡੰਕਾ ਪੂਰੇ ਹਾਲੀਵੁੱਡ ’ਚ ਵੱਜ ਰਿਹਾ ਹੈ, ਉਹ ਹੈ ‘ਆਰ. ਆਰ. ਆਰ.’। ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਦੀ ਇਸ ਫ਼ਿਲਮ ਨੂੰ ਆਸਕਰ 2023 ਦੀ ਨਾਮਜ਼ਦਗੀ ਸੂਚੀ ’ਚ ਥਾਂ ਮਿਲੀ ਹੈ। ਆਸਕਰ ਐਵਾਰਡਜ਼ ਦੇ ਆਉਣ ’ਚ ਅਜੇ ਸਮਾਂ ਹੈ ਪਰ ਇਸ ਤੋਂ ਪਹਿਲਾਂ ‘ਆਰ. ਆਰ. ਆਰ.’ ਨੇ ਹਰ ਦੂਜੇ ਐਵਾਰਡ ਸ਼ੋਅ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਫ਼ਿਲਮ ਨੇ ਇਕ ਹੋਰ ਵੱਕਾਰੀ ਹਾਲੀਵੁੱਡ ਐਵਾਰਡ ਜਿੱਤਿਆ ਹੈ।

‘ਆਰ. ਆਰ. ਆਰ.’ ਨੇ ਹਾਲੀਵੁੱਡ ਕ੍ਰਿਟਿਕਸ ਐਸੋਸੀਏਸ਼ਨ ਐਵਾਰਡਸ ਯਾਨੀ HCA ਫ਼ਿਲਮ ਐਵਾਰਡਸ 2023 ’ਚ ਚਾਰ ਵੱਡੇ ਪੁਰਸਕਾਰ ਜਿੱਤ ਕੇ ਇਤਿਹਾਸ ਰਚਿਆ ਹੈ। ਇਸ ਨੂੰ ਸਰਵੋਤਮ ਐਕਸ਼ਨ ਫ਼ਿਲਮ, ਸਰਵੋਤਮ ਸਟੰਟ, ਸਰਵੋਤਮ ਅੰਤਰਰਾਸ਼ਟਰੀ ਫ਼ਿਲਮ ਤੇ ਸਰਵੋਤਮ ਗੀਤ ‘ਨਾਟੂ ਨਾਟੂ’ ਲਈ ਐੱਚ. ਸੀ. ਏ. ਫ਼ਿਲਮ ਐਵਾਰਡ ਦਿੱਤਾ ਗਿਆ ਹੈ। ਇਸ ਐਵਾਰਡ ਸਮਾਰੋਹ ’ਚ ਡਾਇਰੈਕਟਰ ਰਾਜਾਮੌਲੀ ਤੇ ਮੈਗਾ ਪਾਵਰ ਸਟਾਰ ਰਾਮ ਚਰਨ ਮੌਜੂਦ ਸਨ। ਸਮਾਗਮ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਰਾਜਾਮੌਲੀ ਪੁਰਸਕਾਰ ਜਿੱਤਣ ’ਤੇ ਭਾਸ਼ਣ ਦੇ ਰਹੇ ਹਨ।

ਰਾਮ ਚਰਨ ਨੇ ਹਾਲੀਵੁੱਡ ਕ੍ਰਿਟਿਕਸ ਐਸੋਸੀਏਸ਼ਨ ਐਵਾਰਡ 2023 ’ਚ ਪੁਰਸਕਾਰ ਵੀ ਪੇਸ਼ ਕੀਤਾ। ਪੇਸ਼ਕਾਰੀਆਂ ਦੀ ਸੂਚੀ ’ਚ ਉਹ ਇਕਲੌਤਾ ਭਾਰਤੀ ਅਦਾਕਾਰ ਸੀ। ਫ਼ਿਲਮ ‘ਆਰ. ਆਰ. ਆਰ.’ ਨੂੰ HCA ਫ਼ਿਲਮ ਐਵਾਰਡਸ ’ਚ ਸਰਵੋਤਮ ਨਿਰਦੇਸ਼ਕ, ਸਰਵੋਤਮ ਐਕਸ਼ਨ ਫ਼ਿਲਮ, ਸਰਵੋਤਮ ਸਟੰਟ, ਸਰਵੋਤਮ ਗੀਤ, ਸਰਵੋਤਮ ਸੰਪਾਦਨ, ਸਰਵੋਤਮ ਅੰਤਰਰਾਸ਼ਟਰੀ ਫ਼ਿਲਮ ਸ਼੍ਰੇਣੀ ’ਚ ਨਾਮਜ਼ਦਗੀਆਂ ਪ੍ਰਾਪਤ ਹੋਈਆਂ।

ਬਾਕੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਹਾਲੀਵੁੱਡ ਫ਼ਿਲਮ ‘ਐਵਰੀਥਿੰਗ ਐਵਰੀਵੇਅਰ ਆਲ ਐਟ ਵਨਸ’ ਨੇ ਐੱਚ. ਸੀ. ਏ. ਫ਼ਿਲਮ ਐਵਾਰਡਜ਼ 2023 ’ਚ ਸਭ ਤੋਂ ਵੱਧ ਨਾਮਜ਼ਦਗੀਆਂ ਪ੍ਰਾਪਤ ਕੀਤੀਆਂ। ਇਸ ਫ਼ਿਲਮ ਨੂੰ 16 ਸ਼੍ਰੇਣੀਆਂ ’ਚ ਨਾਮਜ਼ਦਗੀ ਮਿਲੀ ਹੈ। ਇਸ ਨੇ ਸਰਵੋਤਮ ਸੰਪਾਦਨ ਦਾ ਪੁਰਸਕਾਰ ਜਿੱਤਿਆ। ਨਾਲ ਹੀ ਫ਼ਿਲਮ ਦੇ ਅਦਾਕਾਰ ਕੇ ਹੂਏ ਕਵਾਨ ਨੇ ਸਰਵੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਜਿੱਤਿਆ।

‘ਅਵਤਾਰ : ਦਿ ਵੇਅ ਆਫ ਵਾਟਰ’ ਲਈ ਸਰਵੋਤਮ ਵਿਜ਼ੂਅਲ ਇਫੈਕਟਸ, ‘ਟੌਪਗਨ ਮੇਵਰਿਕ’ ਲਈ ਸਰਵੋਤਮ ਸਾਊਂਡ, ਨਿਰਦੇਸ਼ਕ ਗਿਲੇਰਮੋ ਡੇਲ ਟੋਰੋ ਦੀ ਫ਼ਿਲਮ ‘ਪਿਨੋਕੀਓ’ ਲਈ ਸਰਵੋਤਮ ਐਨੀਮੇਟਿਡ ਫ਼ਿਲਮ, ਨੈੱਟਫਲਿਕਸ ਦੇ ‘ਗਲਾਸ ਅਨੀਅਨ’ ਲਈ ਸਰਵੋਤਮ ਕਾਮੇਡੀ ਤੇ ‘ਦਿ ਬਲੈਕ ਫੋਨ’ ਲਈ ਸਰਵੋਤਮ ਡਰਾਉਣੀ ਫ਼ਿਲਮ ਦਾ ਪੁਰਸਕਾਰ ਪ੍ਰਾਪਤ ਕੀਤਾ।

ਉਂਝ HCA ਫ਼ਿਲਮ ਐਵਾਰਡਸ ਤੋਂ ਇਲਾਵਾ ‘ਆਰ. ਆਰ. ਆਰ.’ ਨੇ ਹਾਲੀਵੁੱਡ ਦੇ ਕ੍ਰਿਟਿਕਸ ਚੁਆਇਸ ਸੁਪਰ ਐਵਾਰਡਸ ’ਚ ਵੀ ਨਾਮਜ਼ਦਗੀਆਂ ਪ੍ਰਾਪਤ ਕੀਤੀਆਂ ਹਨ। ਇਥੇ ਵੀ ‘ਆਰ. ਆਰ. ਆਰ.’ ਨੂੰ ਸਰਵੋਤਮ ਐਕਸ਼ਨ ਫ਼ਿਲਮ ਸ਼੍ਰੇਣੀ ’ਚ ਨਾਮਜ਼ਦ ਕੀਤਾ ਗਿਆ ਹੈ। ਅਦਾਕਾਰ ਰਾਮ ਚਰਨ ਨੂੰ ਐਕਸ਼ਨ ਮੂਵੀ ਸ਼੍ਰੇਣੀ ’ਚ ਸਰਵੋਤਮ ਅਦਾਕਾਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਸ ਐਵਾਰਡ ਸ਼ੋਅ ਦੇ ਜੇਤੂਆਂ ਦਾ ਐਲਾਨ 16 ਮਾਰਚ ਨੂੰ ਕੀਤਾ ਜਾਵੇਗਾ। ਇਸ ਦੇ ਨਾਲ ਹੀ 12 ਮਾਰਚ ਨੂੰ ਆਸਕਰ 2023 ਦਾ ਆਯੋਜਨ ਕੀਤਾ ਜਾ ਰਿਹਾ ਹੈ।

Add a Comment

Your email address will not be published. Required fields are marked *