ਅੱਤਵਾਦ ਮਾਮਲੇ ’ਚ ਇਮਰਾਨ ਖਾਨ ਨੂੰ ਮਿਲੀ ਅੰਤ੍ਰਿਮ ਜ਼ਮਾਨਤ

ਇਸਲਾਮਾਬਾਦ –ਪਾਕਿਸਤਾਨ ਦੀ ਇਕ ਅੱਤਵਾਦ ਵਿਰੋਧੀ ਅਦਾਲਤ ਨੇ ਰਾਜਧਾਨੀ ’ਚ ਇਕ ਰੈਲੀ ਦੌਰਾਨ ਪੁਲਸ, ਨਿਆਂਪਾਲਿਕਾ ਅਤੇ ਹੋਰ ਸਰਕਾਰੀ ਅਦਾਰਿਆਂ ਨੂੰ ਧਮਕੀਆਂ ਦੇਣ ਦੇ ਦੋਸ਼ ’ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਖ਼ਿਲਾਫ਼ ਪਿਛਲੇ ਹਫ਼ਤੇ ਦਰਜ ਅੱਤਵਾਦ ਦੇ ਮਾਮਲੇ ’ਚ ਉਨ੍ਹਾਂ ਨੂੰ 1 ਸਤੰਬਰ ਤਕ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਹੈ। ‘ਡਾਨ ਨਿਊਜ਼’ ਖ਼ਬਰ ਅਨੁਸਾਰ ਅੱਤਵਾਦ ਵਿਰੋਧੀ ਅਦਾਲਤ ਨੇ ਜਸਟਿਸ ਰਾਜਾ ਜਵਾਦ ਅੱਬਾਸ ਹਸਨ ਨੇ ਵੀਰਵਾਰ ਨੂੰ ਸੁਣਵਾਈ ਦੌਰਾਨ ਉਨ੍ਹਾਂ ਨੂੰ ਇਕ ਲੱਖ ਰੁਪਏ ਦੇ ਮੁਚੱਲਕੇ ’ਤੇ ਇਕ ਸਤੰਬਰ ਤਕ ਲਈ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਹੈ। ਪਾਕਿਸਤਾਨ ਤਹਿਰੀਕ ਏ ਇਨਸਾਫ਼ (ਪੀ. ਟੀ. ਆਈ.) ਮੁਖੀ ਖਾਨ ਦੀ ਜ਼ਮਾਨਤ ਪਟੀਸ਼ਨ ਉਨ੍ਹਾਂ ਦੇ ਵੀਰਵਾਰ ਨੂੰ ਇਥੇ ਪਹੁੰਚਣ ਤੋਂ ਪਹਿਲਾਂ ਅਦਾਲਤ ’ਚ ਦਾਇਰ ਕੀਤੀ ਗਈ ਸੀ। ਪਟੀਸ਼ਨਕਰਤਾ ਨੇ ਤਰਕ ਦਿੱਤਾ ਸੀ ਕਿ ਉਨ੍ਹਾਂ ਦੇ ਖ਼ਿਲਾਫ਼ ਅੱਤਵਾਦ ਦਾ ਮਾਮਲਾ ਪੁਲਸ ਵੱਲੋਂ ‘ਬਦਲੇ ਦੀ ਕਾਰਵਾਈ’ ਦੇ ਤੌਰ ’ਤੇ ਦਰਜ ਕੀਤਾ ਗਿਆ ਸੀ।

ਫੈਡਰਲ ਜੁਡੀਸ਼ੀਅਲ ਕੰਪਲੈਕਸ ਦੇ ਆਲੇ-ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਸੀ, ਜਿਥੇ ਪੁਲਸ ਤੇ ਫਰੰਟੀਅਰ ਕੋਰ ਦੇ ਜਵਾਨ ਘਟਨਾ ਸਥਾਨ ’ਤੇ ਤਾਇਨਾਤ ਸਨ। ਕੰਪਲੈਕਸ ਦੇ ਆਲੇ-ਦੁਆਲੇ ਦੀਆਂ ਸੜਕਾਂ ਨੂੰ ਵੀ ਬੰਦ ਕਰ ਦਿੱਤਾ ਗਿਆ। ਇਸ ਦਰਮਿਆਨ ਖਾਨ ਦੀ ਪਾਰਟੀ ਨੇ ਸਮਰਥਕਾਂ ਨੂੰ ਸੱਦਾ ਦਿੱਤਾ ਸੀ ਕਿ ਜੇ ਸਾਬਕਾ ਪ੍ਰਧਾਨ ਮੰਤਰੀ ਨੂੰ ਹਿਰਾਸਤ ’ਚ ਲਿਆ ਜਾਂਦਾ ਹੈ ਤਾਂ ਉਹ ਲੋਕ (ਸਮਰਥਕ) ‘‘ਸੜਕਾਂ ’ਤੇ ਉਤਰਨ ਅਤੇ ਫਿਰ ਅਗਲੇ ਦਿਨ ਇਸਲਾਮਾਬਾਦ ਪਹੁੰਚਣ।’’ ਖਾਨ (69) ’ਤੇ ਐਤਵਾਰ ਨੂੰ ਇਸਲਾਮਾਬਾਦ ’ਚ ਇਕ ਜਨਤਕ ਰੈਲੀ ਦੌਰਾਨ ਇਕ ਮਹਿਲਾ ਜੱਜ ਤੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ‘ਧਮਕੀ’ ਦੇਣ ਕਾਰਨ ਅੱਤਵਾਦ ਵਿਰੋਧੀ ਐਕਟ (ਅੱਤਵਾਦ ਦੇ ਕਾਰਿਆਂ ਲਈ ਸਜ਼ਾ) ਦੀ ਧਾਰਾ-7 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। 

Add a Comment

Your email address will not be published. Required fields are marked *