ਸ਼ਹੀਦ ਭਗਤ ਸਿੰਘ ਦੀ ਭਤੀਜੀ ਵਰਿੰਦਰ ਸਿੰਧੂ ਦਾ ਦੇਹਾਂਤ

ਪਟਿਆਲਾ :ਸ਼ਹੀਦ ਭਗਤ ਸਿੰਘ ਦੀ ਭਤੀਜੀ ਵਰਿੰਦਰ ਸਿੰਧੂ ਦਾ ਅੱਜ ਦੇਹਾਂਤ ਹੋ ਗਿਆ। ਅੱਸੀ ਸਾਲਾਂ ਤੋਂ ਵੀ ਵਡੇਰੀ ਉਮਰ ਦੀ ਕੁਲਤਾਰ ਸਿੰਘ ਦੀ ਇਹ ਧੀ ਪਿਛਲੇ ਸਮੇਂ ਤੋਂ ਯੂਕੇ ’ਚ ਰਹਿ ਰਹੀ ਸੀ ਤੇ ਉਨ੍ਹਾਂ ਦਾ ਦੇਹਾਂਤ ਵੀ ਉਥੇ ਹੀ ਹੋਇਆ ਹੈ। ਉਨ੍ਹਾਂ 1967 ਵਿੱਚ ਭਗਤ ਸਿੰਘ ਦੀਆਂ ਤਿੰਨ ਪੀੜ੍ਹੀਆਂ ਦੀ ਪਹਿਲੀ ਪ੍ਰਮਾਣਿਕ ਜੀਵਨੀ ਲਿਖੀ ਸੀ। ਉਹ ਭਗਤ ਸਿੰਘ ਦੀਆਂ 1977 ਵਿੱਚ ਹਿੰਦੀ ’ਚ ਪਹਿਲੀ ਵਾਰ ਲਿਖੀਆਂ ਗਈਆਂ ਲਿਖਤਾਂ ਦੇ ਸੰਪਾਦਕ ਵੀ ਸਨ। ਜ਼ਿਕਰਯੋਗ ਹੈ ਕਿ ਉਨ੍ਹਾਂ ਵੱਲੋਂ ਸ਼ਹੀਦ ਭਗਤ ਸਿੰਘ ਦੀਆਂ ਤਿੰਨ ਪੀੜ੍ਹੀਆਂ ’ਤੇ ਆਧਾਰਿਤ ਲਿਖੀ ਜੀਵਨੀ ਸਬੰਧੀ ਪੰਜਾਬ ਸਰਕਾਰ ਵੱਲੋਂ 2008 ਦਾ ਸਾਹਿਤ ਸ਼੍ਰੋਮਣੀ ਐਵਾਰਡ ਵਰਿੰਦਰ ਸਿੰਧੂ ਨੂੰ ਦਿੱਤਾ ਗਿਆ ਸੀ। 30 ਜੂਨ 1940 ਨੂੰ ਲਾਹੌਰ ਵਿੱਚ ਪਿਤਾ ਕੁਲਤਾਰ ਸਿੰਘ ਤੇ ਮਾਤਾ ਸਤਿੰਦਰ ਕੌਰ ਦੇ ਘਰ ਜਨਮੀ ਵਰਿੰਦਰ ਸਿੰਧੂ ਦਾ ਵਿਆਹ ਬੀਬੀਸੀ ਦੇ ਮਸ਼ਹੂਰ ਪ੍ਰਸਾਰਕ ਨਰੇਸ਼ ਭਾਰਤੀ ਨਾਲ ਹੋਇਆ ਸੀ। ਉਨ੍ਹਾਂ ਦਾ ਵੀ ਚਾਰ ਸਾਲ ਪਹਿਲਾਂ ਦੇਹਾਂਤ ਹੋ ਚੁੱਕਾ ਹੈ। ਉਨ੍ਹਾਂ ਦੇ ਦੋ ਪੁੱਤਰਾਂ ’ਚੋਂ ਇੱੱਕ ਵੀਰੇਸ਼ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਵਰਿੰਦਰ ਸਿੰਧੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਅਧਿਆਪਕ ਅਤੇ ਭਗਤ ਸਿੰਘ ਆਰਕਾਈਵਜ਼ ਨਵੀਂ ਦਿੱਲੀ ਦੇ ਆਨਰੇਰੀ ਸਲਾਹਕਾਰ ਪ੍ਰੋ. ਚਮਨ ਲਾਲ ਨੇ ਦੱਸਿਆ ਕਿ ਤਿੰਨ ਪੀੜ੍ਹੀਆਂ ’ਤੇ ਆਧਾਰਿਤ ਜੀਵਨੀ ਵਾਲੀ ਪੁਸਤਕ 1980 ’ਚ ਭਾਸ਼ਾ ਵਿਭਾਗ ਨੇ ਛਾਪੀ ਸੀ।

Add a Comment

Your email address will not be published. Required fields are marked *