ਸੂਬੇ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਨੇ ਪੰਜਾਬ ਵਿਰੋਧੀ ਤਾਕਤਾਂ: ਵੜਿੰਗ

ਖਰੜ/ਲੁਧਿਆਣਾ, 18 ਦਸੰਬਰ-: ਕਾਂਗਰਸ ਪਾਰਟੀ ਵਿੱਚ ਜ਼ਿਲ੍ਹਾ ਮੁਹਾਲੀ ਦੇ ਨਵੇਂ ਬਣੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਅਤੇ ਸੀਨੀਅਰ ਮੀਤ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਦੇ ਅਹੁਦਾ ਸੰਭਾਲਣ ਅਤੇ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੁੱਜੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇਥੇ ਕਿਹਾ ਕਿ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦਿਨੋ-ਦਿਨ ਵਿਗੜ ਰਹੀ ਹੈ ਤੇ ਸੁਰੱਖਿਆ ਗਾਰਡ ਰੱਖਣ ਵਾਲਿਆਂ ਦੇ ਵੀ ਸ਼ਰ੍ਹੇਆਮ ਕਤਲ ਹੋ ਰਹੇ ਹਨ। ਸ੍ਰੀ ਵੜਿੰਗ ਨੇ ਕਿਹਾ ਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਹੈ, ਜਿਸ ਤਹਿਤ ਸੂਬੇ ਦੇ ਹਾਲਾਤ ਵਿਗਾੜ ਕੇ ਇਥੇ ਗਵਰਨਰੀ ਰਾਜ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ‘ਆਪ’ ਸਰਕਾਰ ਜ਼ਾਹਿਰ ਤੌਰ ’ਤੇ ਇਨ੍ਹਾਂ ਵਿਗੜ ਰਹੇ ਹਾਲਾਤ ਨੂੰ ਕਾਬੂ ਕਰਨ ਵਿੱਚ ਫੇਲ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹੁਣ ਸਭ ਤੋਂ ਵੱਧ ਖ਼ਤਰਾ ਅੰਦਰਲੀਆਂ ਵਿਰੋਧੀ ਸ਼ਕਤੀਆਂ ਤੋਂ ਹੈ, ਜੋ ਆਪਣੇ ਸਵਾਰਥ ਲਈ ਸੂਬੇ ਦੇ ਹਾਲਾਤ ਵਿਗੜਨ ਦਾ ਯਤਨ ਕਰ ਰਹੀਆਂ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿੱਚ ਸ਼ਾਂਤੀ ਕਾਇਮ ਕਰਨ ਨੂੰ ਤਰਜੀਹ ਦੇਣ ਕਿਉਂਕਿ ਜੇਕਰ ਸੂਬਾ ਨਾ ਰਿਹਾ ਤਾਂ ਉਨ੍ਹਾਂ ਦਾ ਵਜੂਦ ਵੀ ਨਹੀਂ ਰਹੇਗਾ।

ਇਸੇ ਮਗਰੋਂ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਨਵੇਂ ਥਾਪੇ ਜ਼ਿਲ੍ਹਾ ਪ੍ਰਧਾਨ ਸੰਜੈ ਤਲਵਾੜ ਦੀ ਵੀ ਤਾਜਪੋਸ਼ੀ ਕਰਵਾਈ। ਇਸ ਮੌਕੇ ਉਨ੍ਹਾਂ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ ਤੇ ਪਾਰਟੀ ਆਗੂਆਂ ਨੂੰ ਜ਼ਿਲ੍ਹਾ ਪ੍ਰਧਾਨ ਨਾਲ ਰਲ ਕੇ ਪਾਰਟੀ ਦੇ ਹੱਕ ਵਿੱਚ ਸੇਵਾ ਕਰਨ ਦੀ ਗੱਲ ਆਖੀ। ਇਸ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਵੜਿੰਗ ਨੇ ਕਿਹਾ ਕਿ ਸੂਬੇ ਵਿੱਚ ਇਕ ਵੀ ਦਿਨ ਅਜਿਹਾ ਨਹੀਂ ਲੰਘਦਾ, ਜਦੋਂ ਕਿਤੇ ਕਤਲ, ਲੁੱਟ-ਖੋਹ ਜਾਂ ਹੋਰ ਕੋਈ ਅਪਰਾਧਿਕ ਘਟਨਾ ਵਾਪਰਨ ਦੀ ਖ਼ਬਰ ਨਾ ਮਿਲਦੀ ਹੋਵੇ, ਪਰ ਸੂਬੇ ਦੇ ਮੁੱਖ ਮੰਤਰੀ ਕੋਲ ਸੂਬੇ ਦੇ ਵਿਗੜ ਰਹੇ ਹਾਲਾਤ ਵੱਲ ਧਿਆਨ ਦੇਣ ਦਾ ਸਮਾਂ ਨਹੀਂ ਹੈ। ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਵੱਲੋਂ ਚਲਾਈ ਜਾ ਰਹੀ ‘ਭਾਰਤ ਜੋੜੋ’ ਯਾਤਰਾ ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ ਲੁਧਿਆਣਾ ਪਹੁੰਚੇਗੀ। ਉਨ੍ਹਾਂ ਕਿਹਾ ਕਿ ‘ਭਾਰਤ ਜੋੜੋ’ ਯਾਤਰਾ ਸਿਰਫ਼ ਕਾਂਗਰਸ ਪਾਰਟੀ ਦੀ ਨਹੀਂ, ਸਗੋਂ ਇਸ ਰਾਹੀਂ ਦੇਸ਼ ਦੇ ਸੰਵਿਧਾਨ, ਬੇਰੁਜ਼ਗਾਰੀ, ਵਪਾਰੀਆਂ, ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਯਾਤਰਾ ਵਿੱਚ ਹਰ ਧਰਮ ਤੇ ਹਰ ਵਰਗ ਦੇ ਲੋਕ ਰਾਹੁਲ ਗਾਂਧੀ ਦੇ ਨਾਲ ਮਿਲ ਕੇ ਚੱਲ ਰਹੇ ਹਨ।

Add a Comment

Your email address will not be published. Required fields are marked *