ਕਾਂਗਰਸ ਦੀ ਅਗਵਾਈ ਹੇਠਲਾ ਗੱਠਜੋੜ 2024 ’ਚ ਭਾਜਪਾ ਨੂੰ ਮਾਤ ਦੇਵੇਗਾ: ਖੜਗੇ

ਦੀਮਾਪੁਰ , 21 ਫਰਵਰੀ-: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਵਿੱਚ ਉੁਨ੍ਹਾਂ ਦੀ ਪਾਰਟੀ ਹੋਰਨਾਂ ਹਮਖਿਆਲੀ ਪਾਰਟੀਆਂ ਨਾਲ ਰਲ ਕੇ ਭਾਜਪਾ ਨੂੰ ਮਾਤ ਦੇਵੇਗੀ। ਉਨ੍ਹਾਂ ਆਗਾਮੀ ਨਾਗਾਲੈਂਡ ਅਸੈਂਬਲੀ ਚੋਣਾਂ ਵਿੱਚ ਵੀ ਪਾਰਟੀ ਵੱਲੋਂ ਚੰਗੀ ਕਾਰਗੁਜ਼ਾਰੀ ਦਿਖਾਉਣ ਦਾ ਦਾਅਵਾ ਕੀਤਾ। ਦੀਮਾਪੁਰ ਵਿੱਚ ਚੋਣ ਰੈਲੀ ਦੌਰਾਨ ਭਾਜਪਾ ਨੂੰ ਭੰਡਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ,‘ਜਮਹੂਰੀਅਤ ਪ੍ਰਣਾਲੀ ਦਾ ਹਿੱਸਾ ਹੋਣ ਦੇ ਨਾਤੇ ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਤੁਸੀਂ ਤਾਨਾਸ਼ਾਹ ਨਹੀਂ ਹੋ, ਤੁਹਾਨੂੰ ਲੋਕਾਂ ਨੇ ਚੁਣਿਆ ਅਤੇ ਲੋਕ ਹੀ ਤੁਹਾਨੂੰ 2024 ਦੀਆਂ ਚੋਣਾਂ ਵਿੱਚ ਸਬਕ ਸਿਖਾਉਣਗੇ।’ ਨਾਗਾਲੈਂਡ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ ਕਿ ਭਾਜਪਾ ਨੇ ਸਥਿਤੀ ਦਾ ਲਾਹਾ ਲੈ ਕੇ ਉਨ੍ਹਾਂ ਨਾਲ ਧੋਖਾ ਕੀਤਾ ਅਤੇ ਰਾਤੋ ਰਾਤ ਸਰਕਾਰ ਡੇਗ ਦਿੱਤੀ। ਇਨ੍ਹਾਂ ਨੇ ਨਾਗਾਲੈਂਡ ਦੇ ਲੋਕਾਂ ਨਾਲ ਧਰੋਹ ਕਮਾਇਆ ਸੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਮੁੱਖ ਮੰਤਰੀ ਨੂੰ ਬਲੈਕਮੇਲ ਕਰ ਕੇ ਸਰਕਾਰ ਬਣਾਈ। ਸਿਰਫ ਇੱਥੇ ਹੀ ਨਹੀਂ, ਸਗੋਂ 6-7 ਸੂਬਿਆਂ ਵਿੱਚ ਇਨ੍ਹਾਂ ਨੇ ਵਿਧਾਇਕਾਂ ’ਤੇ ਦਬਾਅ ਬਣਾਇਆ ਅਤੇ ਸਰਕਾਰ ਨੂੰ ਉਲਟਾਇਆ। ਭਾਜਪਾ ਵੱਲੋਂ ਬਹੁਮਤ ਨਾ ਹਾਸਲ ਕਰਨ ਦੀ ਭਵਿੱਖਬਾਣੀ ਕਰਦਿਆਂ ਖੜਗੇ ਨੇ ਕਿਹਾ,‘ਕਾਂਗਰਸ ਜਿੱਤੇਗੀ ਅਤੇ ਅਸੀਂ ਬਹੁਮਤ ਹਾਸਲ ਕਰਾਂਗੇ, ਸੰਵਿਧਾਨ ਦੇ ਦਰਸਾਏ ਰਾਹ ’ਤੇ ਚੱਲਾਂਗੇ।’

Add a Comment

Your email address will not be published. Required fields are marked *