ਦੂਜੇ ਸਰਵੇਖਣ ’ਚ ਵੀ ਸੂਨਕ ਟਰੱਸ ਤੋਂ ਪਿੱਛੇ

ਲੰਡਨ, 4 ਅਗਸਤ

ਬਰਤਾਨੀਆ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਦੇ ਇੱਕ ਨਵੇਂ ਸਰਵੇਖਣ ਵਿੱਚ ਖੁਲਾਸਾ ਹੋਇਆ ਹੈ ਕਿ ਵਿਦੇਸ਼ ਮੰਤਰੀ ਲਿਜ਼ ਟਰੱਸ ਪ੍ਰਧਾਨ ਮੰਤਰੀ ਵਜੋਂ ਬੋਰਿਸ ਜੌਹਨਸਨ ਦੀ ਥਾਂ ਲੈਣ ਲਈ ਆਪਣੇ ਵਿਰੋਧੀ ਰਿਸ਼ੀ ਸੂਨਕ     ਤੋਂ ਅੱਗੇ ਹੈ। ‘ਕੰਜ਼ਰਵੇਟਿਵਹੋਮ’ ਵੈੱਬਸਾਈਟ ਵੱਲੋਂ ਬੁੱਧਵਾਰ ਰਾਤ ਨੂੰ ਜਾਰੀ ਕੀਤੇ ਗਏ ਸਰਵੇਖਣ ਅਨੁਸਾਰ ਪਾਰਟੀ ਦੇ 58 ਫੀਸਦ ਮੈਂਬਰਾਂ ਨੇ ਟਰੱਸ ਅਤੇ 26  ਫੀਸਦ ਮੈਂਬਰਾਂ ਨੇ ਸਾਬਕਾ ਵਿੱਤ ਮੰਤਰੀ ਸੂਨਕ ਦੀ ਹਮਾਇਤ ਕੀਤੀ ਹੈ 12 ਫੀਸਦੀ ਮੈਂਬਰਾਂ ਨੇ ਹਾਲੇ ਇਸ ਬਾਰੇ ਕੋਈ ਫ਼ੈਸਲਾ ਨਹੀਂ ਲਿਆ। 

ਬੁੱਧਵਾਰ ਤੋਂ ਬਾਅਦ ਇਹ ਦੂਜਾ ਮੱਤਦਾਨ ਹੈ, ਜਿਸ ਵਿੱਚ ਕੈਬਨਿਟ ਮੰਤਰੀ ਟਰੱਸ ਨੂੰ ਭਾਰਤੀ ਮੂਲ ਦੇ ਸੂਨਕ ਤੋਂ ਅੱਗੇ ਦਿਖਾਇਆ ਗਿਆ ਹੈ। ਪਹਿਲੇ ‘ਯੂਗੋਵ’ ਸਰਵੇਖਣ ਵਿੱਚ ਦਿਖਾਇਆ ਗਿਆ ਸੀ ਕਿ ਟਰੱਸ ਸਾਰੇ ਉਮਰ ਵਰਗਾਂ, ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਪੁਰਸ਼ਾਂ ਤੇ ਮਹਿਲਾਵਾਂ ਵਿਚਾਲੇ ਸੂਨਕ ਤੋਂ ਅੱਗੇ ਸੀ। ਕੰਜ਼ਰਵੇਟਿਵਟ  ਹੋਮ ਦੇ ਸਰਵੇਖਣ ਵਿੱਚ ਕਿਹਾ ਗਿਆ, ‘‘ਜੇ ਸਾਡੇ ਅਤੇ ‘ਯੂਗੋਵ’ ਦੇ ਸਰਵੇਖਣ ਸਹੀ ਹਨ ਤਾਂ ਸੂਨਕ ਲਈ ਜਿੱਤਣਾ ਔਖਾ ਲੱਗ ਰਿਹਾ ਹੈ।’’ 

ਨਵੇਂ ਖੁਲਾਸੇ ਉਸ ਵੇਲੇ ਹੋਏ ਹਨ ਜਦੋਂ ਸੂਨਕ ਨੂੰ ਇੱਕ ਹੋਰ ਸਾਬਕਾ ਦਾਅਵੇਦਾਰ ਅਤੇ ਪਾਰਟੀ ਦੇ ਸੀਨੀਅਰ ਆਗੂ ਸਾਜਿਦ ਵਾਜਿਦ ਤੋਂ ਵੀ ਝਟਕਾ ਲੱਗਿਆ ਹੈ, ਜਿਸ ਨੇ ਟਰੱਸ ਨੂੰ ਉਸ ਦੇ ‘ਸਪੱਸ਼ਟ ਏਜੰਡੇ’ ਲਈ ਆਪਣਾ ਸਮਰਥਨ ਦਿੱਤਾ ਹੈ। ਪਾਕਿਸਤਾਨੀ ਮੂਲ ਦੇ ਆਗੂ ਅਤੇ ਸਾਬਕਾ ਸਿਹਤ ਮੰਤਰੀ ਜਾਵਿਦ ਨੇ ਸੂਨਕ ਦੀਆਂ ਟੈਕਸ ਨੀਤੀਆਂ ਦਾ ਹਵਾਲਾ ਦਿੰਦਿਆਂ ‘ਦਿ ਟਾਈਮਜ਼’ ਅਖਬਾਰ ’ਚ ਲਿਖਿਆ ਕਿ ਟੈਕਸ ’ਚ ਕਟੌਤੀ ਕਰਨ ਤੋਂ ਇਨਕਾਰ ਕਰਨ ਦਾ ਮਤਲਬ ਹੈ ਕਿ ਬਰਤਾਨੀਆ ਹੌਲੀ-ਹੌਲੀ ਜ਼ਿਆਦਾ ਟੈਕਸ ਅਤੇ ਘੱਟ ਵਿਕਾਸ ਵਾਲੀ ਅਰਥਵਿਵਸਥਾ ਵੱਲ ਵਧੇਗਾ। ਜਾਵਿਦ ਨੇ ਲਿਖਿਆ, ‘‘ਕੁੱਝ ਲੋਕ ਦਾਅਵਾ ਕਰਦੇ ਹਨ ਕਿ ਟੈਕਸ ’ਚ ਕਟੌਤੀ ਉਦੋਂ ਹੀ ਹੋ ਸਕਦੀ ਹੈ, ਜਦੋਂ ਦੇਸ਼ ਵਿੱਚ ਵਿਕਾਸ ਹੁੰਦਾ ਹੈ। ਪਰ ਮੇਰਾ ਮੰਨਣਾ ਇਸ ਦੇ ਬਿਲਕੁਲ ਉਲਟ ਹੈ। ਟੈਕਸ ਕਟੌਤੀ ਵਿਕਾਸ ਦੀ ਪਹਿਲੀ ਸ਼ਰਤ ਹੈ।’’

Add a Comment

Your email address will not be published. Required fields are marked *