ਬੋਨੀ ਤੇ ਖੁਸ਼ੀ ਕਪੂਰ ਨੇ ਪ੍ਰਿਯੰਕਾ ਲਈ ਭੇਜਿਆ ਭਾਰਤੀ ਖਾਣਾ

ਵਾਸ਼ਿੰਗਟਨ:ਵੱਡੀ ਗਿਣਤੀ ਭਾਰਤੀ ਜਦੋਂ ਵਿਦੇਸ਼ਾਂ ਵਿੱਚ ਹੁੰਦੇ ਹਨ ਤਾਂ ਉਨ੍ਹਾਂ ਨੂੰ ਘਰ ਦੇ ਬਣੇ ਦੇਸੀ ਖਾਣੇ ਦੀ ਯਾਦ ਆਉਂਦੀ ਹੈ। ਅਦਾਕਾਰਾ ਪ੍ਰਿਯੰਕਾ ਚੋਪੜਾ ਵੀ ਉਨ੍ਹਾਂ ਵਿੱਚੋਂ ਹੀ ਇੱਕ ਹੈ। ਵੀਰਵਾਰ ਨੂੰ ਅਦਾਕਾਰਾ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ‘ਖਾਖਰਾ’, ‘ਪੋਹਾ’ ਸਣੇ ਕਈ ਤਰ੍ਹਾਂ ਦੇ ਨਮਕੀਨ ਦਿਖਾਈ ਦੇ ਰਹੇ ਹਨ। ਇਹ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਬੋਨੀ ਕਪੂਰ ਤੇ ਖੁਸ਼ੀ ਕਪੂਰ ਵੱਲੋਂ ਅਦਾਕਾਰਾ ਲਈ ਵਿਸ਼ੇਸ਼ ਤੌਰ ’ਤੇ ਭਾਰਤ ਤੋਂ ਭੇਜੀਆਂ ਗਈਆਂ ਹਨ। ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਤਸਵੀਰ ਨਾਲ ਪ੍ਰਿਯੰਕਾ ਨੇ ਬੋਨੀ ਕਪੂਰ ਤੇ ਖੁਸ਼ੀ ਕਪੂਰ ਦਾ ਧੰਨਵਾਦ ਕਰਦਿਆਂ ਆਖਿਆ, ‘ਘਰ ਦੇ ਖਾਣੇ ਦਾ ਸਵਾਦ ਦਿਵਾਉਣ ਲਈ ਬਹੁਤ-ਬਹੁਤ ਧੰਨਵਾਦ !’ ਜ਼ਿਕਰਯੋਗ ਹੈ ਕਿ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਨੂੰ ਭਾਰਤੀ ਖਾਣਾ ਬਹੁਤ ਪਸੰਦ ਹੈ ਤੇ ਅਦਾਕਾਰਾ ਨੇ ਨਿਊ ਯਾਰਕ ਵਿੱਚ ਭਾਰਤੀ ਖਾਣਿਆਂ ਦਾ ਆਪਣਾ ਰੈਸਤਰਾਂ ‘ਸੋਨਾ’ ਖੋਲ੍ਹਿਆ ਹੋਇਆ ਹੈ। ਗ਼ੌਰਤਲਬ ਹੈ ਕਿ ਹੌਲੀਵੁੱਡ ਫਿਲਮਾਂ ਵਿੱਚ ਕੰਮ ਕਰਨ ਲਈ ਪ੍ਰਿਯੰਕਾ 2014 ਵਿੱਚ ਅਮਰੀਕਾ ਗਈ ਸੀ, ਜਿਸ ਮਗਰੋਂ ਉਸ ਨੇ 2015 ਵਿੱਚ ਇੱਕ ਟੀਵੀ ਸ਼ੋਅ ‘ਕੁਆਂਟਿਕੋ’ ਕੀਤਾ ਸੀ। ਇਸ ਸ਼ੋਅ ਵਿੱਚ ਉਸ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਮਗਰੋਂ ਉਹ 2017 ਵਿੱਚ ਹੌਲੀਵੁੱਡ ਫ਼ਿਲਮ ‘ਬੇਅਵਾਚ’ ਵਿੱਚ ਵੀ ਦਿਖਾਈ ਦਿੱਤੀ। ਹਾਲ ਹੀ ਵਿੱਚ ਅਦਾਕਾਰਾ ਫਿਲਮ ‘ਦਿ ਮੈਟਰਿਕਸ ਰੀਸਰੱਕਸ਼ਨਜ਼’ ਵਿੱਚ ਸਤੀ ਦੇ ਕਿਰਦਾਰ ਵਿੱਚ ਦਿਖਾਈ ਦਿੱਤੀ ਹੈ। ਵਿਆਹ ਮਗਰੋਂ ਅਦਾਕਾਰ ਆਪਣੇ ਪਤੀ ਨਾਲ ਲਾਂਸ ਏਂਜਲਸ ਵਿੱਚ ਰਹਿ ਰਹੀ ਹੈ।

Add a Comment

Your email address will not be published. Required fields are marked *