ਅਮਰੀਕਾ ਵੱਲੋਂ ਚੀਨ ਨੂੰ ਰੂਸ ਦੀ ਮਦਦ ਕਰਨ ਖ਼ਿਲਾਫ਼ ਚਿਤਾਵਨੀ

ਵਾਸ਼ਿੰਗਟਨ, 19 ਫਰਵਰੀ-: ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ‘ਜਾਸੂਸ’ ਗੁਬਾਰੇ ਦੇ ਘਟਨਾਕ੍ਰਮ ਦੁਆਲੇ ਬਣੇ ਟਕਰਾਅ ਵਿਚਾਲੇ ਅੱਜ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕੀਤੀ। ਅਮਰੀਕੀ ਆਗੂ ਨੇ ਚੀਨ ਕੋਲ ਇਸ ਮਾਮਲੇ ’ਤੇ ਰੋਸ ਦਰਜ ਕੀਤਾ ਤੇ ਚੀਨੀ ਅਪਰੇਸ਼ਨ ਦੀ ਨਿਖੇਧੀ ਕੀਤੀ। ਉਨ੍ਹਾਂ ਚੀਨ ਨੂੰ ਰੂਸ ਦੀ ਮਦਦ ਕਰਨ ਖ਼ਿਲਾਫ਼ ਚਿਤਾਵਨੀ ਵੀ ਦਿੱਤੀ। ਬਲਿੰਕਨ ਨੇ ਕਿਹਾ ਕਿ ਜੇਕਰ ਚੀਨ, ਯੂਕਰੇਨ ਵਿਚ ਲੱਗੀ ਜੰਗ ਲਈ ਰੂਸ ਦੀ ਮਦਦ ਕਰੇਗਾ ਤਾਂ ਉਸ ਨੂੰ ਹੋਰ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ।

ਬਲਿੰਕਨ ਤੇ ਵਾਂਗ ਨੇ ਅੱਜ ਇੱਥੇ ‘ਮਿਊਨਿਖ ਸਕਿਉਰਿਟੀ ਕਾਨਫਰੰਸ’ ਦੌਰਾਨ ਮੁਲਾਕਾਤ ਕੀਤੀ। ਗੁਬਾਰੇ ਨਾਲ ਜੁੜੇ ਘਟਨਾਕ੍ਰਮ ਦੇ ਸੰਦਰਭ ਵਿਚ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੈੱਡ ਪ੍ਰਾਈਸ ਨੇ ਕਿਹਾ, ‘ਵਿਦੇਸ਼ ਮੰਤਰੀ ਨੇ ਸਿੱਧੇ ਤੌਰ ’ਤੇ ਚੀਨ ਨੂੰ ਦੱਸ ਦਿੱਤਾ ਹੈ ਕਿ ਇਹ ਅਮਰੀਕਾ ਦੀ ਪ੍ਰਭੂਸੱਤਾ ਤੇ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨਾਲ ਹੀ ਚੀਨ ਨੂੰ ਕਿਹਾ ਹੈ ਕਿ ਅਜਿਹਾ ਦੁਬਾਰਾ ਨਹੀਂ ਵਾਪਰਨਾ ਚਾਹੀਦਾ।’ ਜ਼ਿਕਰਯੋਗ ਹੈ ਕਿ ਕਾਫ਼ੀ ਉਚਾਈ ’ਤੇ ਉੱਡਣ ਵਾਲਾ ਇਕ ਚੀਨੀ ਗੁਬਾਰਾ ਅਮਰੀਕੀ ਹਵਾਈ ਖੇਤਰ ਵਿਚ ਦਾਖਲ ਹੋ ਗਿਆ ਸੀ। 

ਅਮਰੀਕਾ ਨੇ ਕਿਹਾ ਸੀ ਕਿ ਇਸ ਨੂੰ ਜਾਸੂਸੀ ਦੇ ਮੰਤਵ ਨਾਲ ਭੇਜਿਆ ਗਿਆ ਹੈ, ਜਦਕਿ ਚੀਨ ਨੇ ਕਿਹਾ ਸੀ ਕਿ ਇਹ ਮਹਿਜ਼ ਮੌਸਮ ਬਾਰੇ ਖੋਜ ਕਰਨ ਵਾਲਾ ਗੁਬਾਰਾ ਹੈ। ਬਲਿੰਕਨ ਨੇ ਮੀਟਿੰਗ ਦੌਰਾਨ ਚੀਨ ਨੂੰ ਇਹ ਵੀ ਕਿਹਾ ਕਿ ਗੁਬਾਰਿਆਂ ਦੁਆਰਾ ਚੀਨ ਵੱਲੋਂ ਪੰਜ ਮਹਾਦੀਪਾਂ ਵਿਚ 40 ਮੁਲਕਾਂ ਦੀ ਹਵਾਈ ਹੱਦ ਦਾ ਉਲੰਘਣ ਕੀਤਾ ਗਿਆ ਹੈ, ਜਾਸੂਸੀ ਕਰ ਕੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬਲਿੰਕਨ ਨੇ ਵਾਂਗ ਨੂੰ ਕਿਹਾ ਕਿ ਚੀਨ ਦੀ ਇਸ ਕਾਰਵਾਈ ਦਾ ਪਰਦਾਫਾਸ਼ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗੁਬਾਰੇ ਬਾਰੇ ਪਤਾ ਲੱਗਣ ਤੋਂ ਬਾਅਦ ਬਲਿੰਕਨ ਨੇ ਆਪਣਾ ਚੀਨ ਦੌਰਾ ਰੱਦ ਕਰ ਦਿੱਤਾ ਸੀ। ਵਾਂਗ ਨੇ ਕਾਨਫਰੰਸ ਵਿਚ ਸ਼ਨਿਚਰਵਾਰ ਅਮਰੀਕਾ ਦੀ ਆਲੋਚਨਾ ਕਰਦਿਆਂ ਕਿਹਾ ਸੀ ਗੁਬਾਰੇ ਦਾ ਘਟਨਾਕ੍ਰਮ ‘ਅਮਰੀਕਾ ਵੱਲੋਂ ਸਿਰਜਿਆ ਸਿਆਸੀ ਡਰਾਮਾ ਹੈ ਤੇ ਉਹ ਚੀਨ ਤੋਂ ਅੱਗੇ ਨਿਕਲਣ ਲਈ ਹਰ ਹੱਥਕੰਡਾ ਅਪਣਾ ਰਹੇ ਹਨ। ਅਮਰੀਕਾ ਦੀ ਕਾਰਵਾਈ ਦਾ ਇਹ ਮਤਲਬ ਨਹੀਂ ਹੈ ਕਿ ਉਹ ਵੱਡੇ ਤੇ ਮਜ਼ਬੂਤ ਹਨ।’ ਇਸੇ ਦੌਰਾਨ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਰੂਸ ਦੀ ਮਦਦ ਖ਼ਿਲਾਫ਼ ਚੀਨ ਨੂੰ ਚਿਤਾਵਨੀ ਦਿੱਤੀ ਹੈ। ਬਲਿੰਕਨ ਨੇ ਉੱਤਰ ਕੋਰੀਆ ਵੱਲੋਂ ਅੰਤਰ-ਮਹਾਦੀਪ ਬੈਲਿਸਟਿਕ ਮਿਜ਼ਾਈਲ ਦੇ ਪ੍ਰੀਖਣ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਤਾਇਵਾਨ ਨੇੜਲੇ ਖੇਤਰ ਵਿਚ ਸ਼ਾਂਤੀ ਤੇ ਸਥਿਰਤਾ ਕਾਇਮ ਰੱਖਣ ਉਤੇ ਵੀ ਜ਼ੋਰ ਦਿੱਤਾ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਚੀਨ ਨਾਲ ਟਕਰਾਅ ਜਾਂ ਠੰਢੀ ਜੰਗ ਨਹੀਂ ਚਾਹੁੰਦੇ, ਪਰ ਆਪਣੇ ਹਿੱਤਾਂ ਤੇ ਕਦਰਾਂ ਕੀਮਤਾਂ ਦੀ ਰਾਖੀ ਤੋਂ ਪਿੱਛੇ ਨਹੀਂ ਹਟਣਗੇ। 

Add a Comment

Your email address will not be published. Required fields are marked *