ਅਰਬਪਤੀ ਸੋਰੋਸ ਨੂੰ ਜੈਸ਼ੰਕਰ ਦਾ ਕਰਾਰ ਜਵਾਬ, ਕਿਹਾ- ਬਹੁਤ ਖ਼ਤਰਨਾਕ ਹੈ ਅਮੀਰ ਬੁੱਢਾ

ਨਵੀਂ ਦਿੱਲੀ – ਆਸਟ੍ਰੇਲੀਆ ‘ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਭਾਰਤੀ ਲੋਕਤੰਤਰ ‘ਤੇ ਬਿਆਨ ਦੇਣ ‘ਤੇ ਅਰਬਪਤੀ ਉਦਯੋਗਪਤੀ ਜਾਰਜ ਸੋਰੋਸ ਨੂੰ ਕਰਾਰਾ ਜਵਾਬ ਦਿੱਤਾ ਹੈ। ਜਾਰਜ ਸੋਰੋਸ ਨੇ ਹਾਲ ਹੀ ਵਿਚ ਗੌਤਮ ਅਡਾਨੀ ਨਾਲ ਜੁੜੇ ਵਿਵਾਦਾਂ ‘ਤੇ ਕਿਹਾ ਸੀ ਕਿ ਇਸ ਮਾਮਲੇ ਨਾਲ ਭਾਰਤ ਵਿਚ ਲੋਕਾਂ ਦਾ ਭਰੋਸਾ ਹਿਲਾ ਦਿੱਤਾ ਹੈ ਅਤੇ ਇਸ ਨਾਲ ਭਾਰਤ ਵਿਚ ‘ਜਮਹੂਰੀ ਪੁਨਰ ਸੁਰਜੀਤੀ’ ਦੇ ਦਰਵਾਜ਼ੇ ਖੁੱਲ੍ਹ ਸਕਦੇ ਹਨ। ਇਸ ‘ਤੇ ਵਿਦੇਸ਼ ਮੰਤਰੀ ਨੇ ਜਾਰਜ ਸੋਰੋਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ‘ਬੁੱਢੇ ਅਮੀਰ, ਮਨਮੌਜੀ ਅਤੇ ਖਤਰਨਾਕ’ ਵਿਅਕਤੀ ਹਨ |

ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਉਨ੍ਹਾਂ ਨੇ ਸਾਡੇ ‘ਤੇ ਲੱਖਾਂ ਮੁਸਲਮਾਨਾਂ ਦੀ ਨਾਗਰਿਕਤਾ ਖੋਹਣ ਦੀ ਯੋਜਨਾ ਬਣਾਉਣ ਦਾ ਦੋਸ਼ ਲਗਾਇਆ ਸੀ, ਜੋ ਕਿ ਯਕੀਨੀ ਤੌਰ  ‘ਤੇ ਨਹੀਂ ਹੋਇਆ।

ਜੈਸ਼ੰਕਰ ਨੇ ਕਿਹਾ ਕਿ ਇਹ ਇੱਕ ਹਾਸੋਹੀਣਾ ਬਿਆਨ ਸੀ, ਪਰ ਇਹ ਸਮਝਣਾ ਹੋਵੇਗਾ ਕਿ ਇਸਦਾ ਅਸਲ ਮਤਲਬ ਕੀ ਹੈ। ਜੈਸ਼ੰਕਰ ਨੇ ਅੱਗੇ ਕਿਹਾ, “ਮੇਰਾ ਮੰਨਣਾ ਹੈ ਕਿ ਸੋਰੋਸ ਨਿਊਯਾਰਕ ਵਿੱਚ ਬੈਠਾ ਇੱਕ ਪੁਰਾਣਾ, ਅਮੀਰ ਸੋਚ ਵਾਲਾ ਵਿਅਕਤੀ ਹੈ ਜੋ ਅਜੇ ਵੀ ਸੋਚਦਾ ਹੈ ਕਿ ਉਸਦੇ ਵਿਚਾਰਾਂ ਨੂੰ ਇਹ ਨਿਰਧਾਰਤ ਕਰਨਾ ਚਾਹੀਦਾ ਹੈ ਕਿ ਪੂਰੀ ਦੁਨੀਆ ਕਿਵੇਂ ਕੰਮ ਕਰਦੀ ਹੈ। ਵਿਦੇਸ਼ ਮੰਤਰੀ ਨੇ ਆਸਟਰੇਲੀਆ ਵਿੱਚ ਰੇਸਿੰਗ ਸਿਡਨੀ ਸੰਮੇਲਨ ਵਿੱਚ ਕਿਹਾ, “ਹੁਣ ਜੇਕਰ ਮੈਂ ਸਿਰਫ਼ ਬੁੱਢੇ, ਅਮੀਰ ਅਤੇ ਮਨਮੌਜੀ ਵਿਚਾਰਾਂ ‘ਤੇ ਹੀ ਰੁਕ ਜਾਂਦਾ , ਤਾਂ ਮੈਂ ਇਸਨੂੰ ਦੂਰ ਕਰ ਦਿੰਦਾ, ਪਰ ਉਹ ਬੁੱਢਾ, ਅਮੀਰ, ਮਤਲਬੀ ਅਤੇ ਖਤਰਨਾਕ ਹੈ। ਓਹਨਾਂ ਨੇ ਕਿਹਾ ਕਿ ਅਸਲ ਵਿਚ ਅਜਿਹੇ ਲੋਕ ਜਦੋਂ ਕਿਸੇ ਸਰੋਤ ਵਿੱਚ ਨਿਵੇਸ਼ ਕਰਦੇ ਹਨ ਤਾਂ ਉਸ ਤੋਂ ਇੱਕ ਨੇਰੇਟਿਵ ਤਿਆਰ ਹੁੰਦਾ ਹੈ।

ਮਿਊਨਿਖ ਸੁਰੱਖਿਆ ਕਾਨਫਰੰਸ ਵਿੱਚ ਆਪਣੀ ਟਿੱਪਣੀ ਵਿੱਚ, ਅਗਾਂਹਵਧੂ ਅਤੇ ਉਦਾਰਵਾਦੀ ਸਿਆਸੀ ਕਾਰਨਾਂ ਦੇ ਸਮਰਥਕ, ਜਾਰਜ ਸੋਰੋਸ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਡਾਨੀ ਸਮੂਹ ਵਿਰੁੱਧ ਧੋਖਾਧੜੀ ਦੇ ਦੋਸ਼ਾਂ ‘ਤੇ ਚੁੱਪ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੀ ਚੁੱਪ ਤੋੜਨੀ ਚਾਹੀਦੀ ਹੈ ਅਤੇ ਸੰਸਦ ਵਿੱਚ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਉਨ੍ਹਾਂ ਦੇ ਬਿਆਨ ਨੂੰ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਭਾਰਤੀ ਲੋਕਤੰਤਰ ‘ਤੇ ਹਮਲੇ ਵਜੋਂ ਪੇਸ਼ ਕੀਤਾ ਹੈ।

ਮੁੱਖ ਵਿਰੋਧੀ ਪਾਰਟੀ ਨੇ ਵੀ ਆਲੋਚਨਾ ਕੀਤੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਡਾਨੀ ਮਾਮਲੇ ‘ਤੇ ਆਪਣੀ ਚੁੱਪ ਤੋੜਨ ਦੀ ਅਪੀਲ ਕੀਤੀ ਹੈ। ਇਸ ਦੇ ਲਈ ਕਾਂਗਰਸ ਪਾਰਟੀ ਨੇ ਵੀਰਵਾਰ ਨੂੰ 22 ਸ਼ਹਿਰਾਂ ‘ਚ ਪ੍ਰੈੱਸ ਕਾਨਫਰੰਸ ਕੀਤੀ ਅਤੇ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ ਕਿ ‘ਹਮ ਅਦਾਨੀ ਕੇ ਹੈ ਕੌਨ’ ਦੀ ਲੜੀ ‘ਚ ਅੱਜ ਕਾਂਗਰਸ ਦੇ ਬੁਲਾਰਿਆਂ ਨੇ ਦੇਸ਼ ਦੇ 22 ਸ਼ਹਿਰਾਂ ‘ਚ ਪ੍ਰੈੱਸ ਕਾਨਫਰੰਸ ਕੀਤੀ ਅਤੇ ਚੁੱਪੀ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਕਿਹਾ ਪ੍ਰਧਾਨ ਮੰਤਰੀ ਜੀ, ਤੁਹਾਨੂੰ ਆਪਣੇ ਦੋਸਤ ਪੂੰਜੀਪਤੀਆਂ ਬਾਰੇ ਚੁੱਪ ਤੋੜਨੀ ਪਵੇਗੀ।

Add a Comment

Your email address will not be published. Required fields are marked *