ਪੰਜਾਬ ‘ਚ ਉਦਯੋਗਾਂ ਦਾ ਪਲਾਇਨ ਰੋਕਣ ਲਈ ਸਰਕਾਰ ਦਾ ਭ੍ਰਿਸ਼ਟ ਅਫ਼ਸਰਾਂ ’ਤੇ ਡੰਡਾ

ਖੰਨਾ : ਪੰਜਾਬ ਸਰਕਾਰ ਨੇ ਉਦਯੋਗਾਂ ਦਾ ਰੁਖ ਉੱਤਰ ਪ੍ਰਦੇਸ਼ ਵੱਲ ਵੇਖਦੇ ਹੋਏ ਉਦਯੋਗਾਂ ਨੂੰ ਤੰਗ ਕਰਨ ਵਾਲੇ ਪੰਜਾਬ ਪ੍ਰਦੂਸ਼ਣ ਬੋਰਡ ਦੇ ਇਕ ਚੀਫ਼ ਇੰਜੀਨੀਅਰ ਤੋਂ ਅਸਤੀਫ਼ਾ ਲੈ ਲਿਆ ਹੈ। ਇਸ ਦੇ ਨਾਲ ਹੀ ਵੱਡੀ ਕਾਰਵਾਈ ਕਰਦੇ ਹੋਏ ਈਮਾਨਦਾਰ ਚੀਫ਼ ਇੰਜੀਨੀਅਰ ਗੁਰਿੰਦਰ ਸਿੰਘ ਮਜੀਠੀਆ ਨੂੰ ਚੇਅਰਮੈਨ ਦੇ ਬਾਅਦ ਦੂਜਾ ਸਭ ਤੋਂ ਵੱਡਾ ਅਹੁਦਾ ਮੰਨਿਆ ਜਾਂਦਾ ਮੈਂਬਰ ਸਕੱਤਰ ਨਿਯੁਕਤ ਕਰ ਦਿੱਤਾ ਹੈ। ਸੂਤਰਾਂ ਦੇ ਅਨੁਸਾਰ ਪੂਰੇ ਪੰਜਾਬ ਦਾ ਉਦਯੋਗ ਬੋਰਡ ਦੇ 2 ਚੀਫ਼ ਇੰਜੀਨੀਅਰਾਂ ਦੇ ਭ੍ਰਿਸ਼ਟਾਚਾਰ ਤੋਂ ਦੁਖ਼ੀ ਹੋ ਕੇ ਇਸ ਸੂਬੇ ਤੋਂ ਪਲਾਇਨ ਕਰਨ ਦੀ ਤਿਆਰੀ ਕਰ ਰਿਹਾ ਸੀ।

ਸਭ ਤੋਂ ਜ਼ਿਆਦਾ ਉਦਯੋਗ ਉੱਤਰ ਪ੍ਰਦੇਸ਼ ਦਾ ਰੁਖ ਕਰ ਰਹੇ ਸਨ। ਇਸ ਦੀ ਭਿਣਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਦੋਂ ਲੱਗੀ ਤਾਂ ਉਨ੍ਹਾਂ ਨੇ ਸਖ਼ਤ ਕਾਰਵਾਈ ਕਰਦੇ ਹੋਏ ਇਕ ਚੀਫ਼ ਇੰਜੀਨੀਅਰ ਨੂੰ ਅਸਤੀਫ਼ਾ ਦੇ ਕੇ ਜ਼ਬਰੀ ਵੀ. ਆਰ. ਐੱਸ. ਲੈਣ ਲਈ ਮਜਬੂਰ ਕਰ ਦਿੱਤਾ। ਇਸ ਦੇ ਨਾਲ ਹੀ ਦੂਜੇ ਚੀਫ਼ ਇੰਜੀਨੀਅਰ ਦੀ ਸ਼ਿਕਾਇਤ ਇਕ ਫਰਨੇਸ ਮਾਲਕ ਵਲੋਂ ਚੀਫ਼ ਡਾਇਰੈਕਟਰ ਵਿਜੀਲੈਂਸ ਨੂੰ ਕੀਤੀ ਗਈ ਹੈ।

ਇਕ ਸ਼ਿਕਾਇਤ ਪੰਜਾਬ ਦੇ ਲੋਕਪਾਲ ਨੂੰ ਅਤੇ ਸੂਬਾ ਸਰਕਾਰ ਨੂੰ ਵੀ ਕੀਤੀ ਗਈ ਹੈ, ਜਿਸ ’ਤੇ ਕੁੱਝ ਦਿਨਾਂ ‘ਚ ਵੱਡੀ ਕਾਰਵਾਈ ਹੋ ਸਕਦੀ ਹੈ। ਇਸ ਦੇ ਨਾਲ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ’ਚ ਇਕ ਵੱਡਾ ਘਪਲਾ ਵੀ ਵਿਜੀਲੈਂਸ ਦੀ ਰਾਡਾਰ ’ਤੇ ਆ ਗਿਆ ਹੈ। ਇਸ ਦੇ ਮੁਤਾਬਕ ਮੰਡੀ ਗੋਬਿੰਦਗੜ੍ਹ ਦੇ ਇਕ ਵੱਡੇ ਉਦਯੋਗ ‘ਤੇ ਵੀ ਵੱਡੀ ਕਾਰਵਾਈ ਹੋ ਸਕਦੀ ਹੈ। ਇਹ ਉਦਯੋਗ ਫਰਨੇਂਸਾਂ ਦੀ ਰਾਖ ਹੋਰ ਉਦਯੋਗਾਂ ਦੇ ਮੁਕਾਬਲੇ 40 ਫ਼ੀਸਦੀ ਘੱਟ ਕੀਮਤ ’ਤੇ ਖ਼ਰੀਦ ਰਿਹਾ ਸੀ ਅਤੇ ਫ਼ਾਇਦੇ ਵਿਚ ਇਕ ਮੋਟੀ ਰਕਮ ਇਕ ਚੀਫ਼ ਇੰਜੀਨੀਅਰ ਨੂੰ ਪਹੁੰਚਾ ਰਿਹਾ ਸੀ।

Add a Comment

Your email address will not be published. Required fields are marked *