ਸਕਾਟਲੈਂਡ ‘ਚ ਤੂਫਾਨ ‘ਓਟੋ’ ਨੇ ਸੈਂਕੜੇ ਘਰਾਂ ਦੀ ਬਿਜਲੀ ਕੀਤੀ ਗੁੱਲ

ਗਲਾਸਗੋ : ਸਕਾਟਲੈਂਡ ‘ਚ ਆਏ ਤੂਫਾਨ ‘ਓਟੋ’ ਨੇ ਤਬਾਹੀ ਮਚਾਉਂਦਿਆਂ ਸੈਂਕੜੇ ਘਰਾਂ ਦੀ ਬਿਜਲੀ ਨੂੰ ਪ੍ਰਭਾਵਿਤ ਕੀਤਾ ਹੈ। ਇਸ ਤੂਫਾਨ ਕਾਰਨ ਉੱਤਰੀ ਸਕਾਟਲੈਂਡ ਦੇ ਹਜ਼ਾਰਾਂ ਲੋਕਾਂ ਨੇ ਬਿਜਲੀ ਤੋਂ ਬਿਨਾਂ ਰਾਤ ਬਿਤਾਈ। ਸਕਾਟਿਸ਼ ਅਤੇ ਦੱਖਣੀ ਇਲੈਕਟ੍ਰੀਸਿਟੀ ਨੈੱਟਵਰਕਸ (SSEN) ਨੇ ਦੱਸਿਆ ਕਿ ਇੰਜੀਨੀਅਰਾਂ ਨੇ 41,000 ਤੋਂ ਵੱਧ ਗਾਹਕਾਂ ਨੂੰ ਦੁਬਾਰਾ ਬਿਜਲੀ ਨਾਲ ਜੋੜਿਆ ਪਰ ਸ਼ਨੀਵਾਰ ਨੂੰ 10 ਵਜੇ ਤੱਕ ਵੀ ਲਗਭਗ 2,500 ਲੋਕ ਸਪਲਾਈ ਤੋਂ ਬਿਨਾਂ ਸਨ। ਇਸ ਦੇ ਨਾਲ ਹੀ ਮੋਬਾਇਲ ਫੂਡ ਵੈਨਾਂ ਮੁੱਖ ਤੂਫਾਨ ਪ੍ਰਭਾਵਿਤ ਖੇਤਰਾਂ ਵਿੱਚ ਗਰਮ ਭੋਜਨ ਅਤੇ ਪੀਣ ਵਾਲੀਆਂ ਚੀਜ਼ਾਂ ਦੀ ਸੇਵਾ ਕਰ ਰਹੀਆਂ ਹਨ।

ਇਹ ਪਾਵਰ ਕੱਟ ਮੁੱਖ ਤੌਰ ‘ਤੇ ਐਬਰਡੀਨਸ਼ਾਇਰ ਵਿੱਚ ਲੱਗੇ ਅਤੇ ਇਸ ਵਿੱਚ ਓਏਨ, ਬੈਨਫ, ਮੈਥਲਿਕ, ਇੰਸਚ, ਟਰਿਫ, ਬੇਲਹੇਲਵੀ, ਕੇਨੇਥਮੋਂਟ, ਗਾਰਟਲੀ, ਵਾਰਡਹਾਊਸ, ਹੰਟਲੀ, ਐਲੋਨ, ਗਲੇਮੁਇਕ, ਫਾਈਵੀ ਤੇ ਆਲੇ-ਦੁਆਲੇ ਦੇ ਖੇਤਰ ਸ਼ਾਮਲ ਹਨ। ਇਸ ਤੂਫਾਨ ਨਾਲ ਦਰੱਖਤ ਡਿੱਗ ਗਏ ਅਤੇ ਕਈ ਵਾਹਨਾਂ ਅਤੇ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ। ਕਈ ਥਾਵਾਂ ‘ਤੇ 80 ਮੀਲ ਪ੍ਰਤੀ ਘੰਟਾ ਤੋਂ ਵੱਧ ਹਵਾ ਦੀ ਰਫ਼ਤਾਰ ਦਰਜ ਕੀਤੀ ਗਈ, ਜਦੋਂ ਕਿ ਕੈਰਨਗੋਰਮ ਪਹਾੜ ‘ਤੇ ਤੂਫ਼ਾਨ 120 ਮੀਲ ਪ੍ਰਤੀ ਘੰਟਾ ਤੱਕ ਪਹੁੰਚ ਗਿਆ। ਇਸ ਦੌਰਾਨ ਟ੍ਰੇਨਾਂ, ਬੱਸਾਂ ਅਤੇ ਫੈਰੀ ਸੇਵਾਵਾਂ ਵਿੱਚ ਦੇਰੀ ਜਾਂ ਰੱਦ ਕਰ ਦਿੱਤੀਆਂ ਗਈਆਂ ਸਨ। SSEN ਡਿਸਟ੍ਰੀਬਿਊਸ਼ਨ ਅਨੁਸਾਰ ਬਿਜਲੀ ਕੱਟਾਂ ਨਾਲ ਨਜਿੱਠਣ ਲਈ ਵਾਧੂ ਕਰਮਚਾਰੀਆਂ ਨੂੰ ਲਿਆਂਦਾ ਗਿਆ ਹੈ ਅਤੇ ਕੁਲ 750 ਕਰਮਚਾਰੀ ਕੰਮ ਕਰ ਰਹੇ ਹਨ।

Add a Comment

Your email address will not be published. Required fields are marked *