ਪਾਕਿਸਤਾਨ ਦੇ ਰੱਖਿਆ ਮੰਤਰੀ ਆਸਿਫ ਨੇ ਮੰਨਿਆ, ‘ਦੇਸ਼ ਹੋ ਚੁੱਕਿਐ ਦੀਵਾਲੀਆ’

ਸਿਆਲਕੋਟ-ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਸ਼ਨੀਵਾਰ ਨੂੰ ਸੁਝਾਅ ਦਿੱਤਾ ਕਿ ਜੇਕਰ ਮਹਿੰਗੀ ਸਰਕਾਰੀ ਜ਼ਮੀਨ ’ਤੇ ਬਣੇ ਦੋ ਗੋਲਫ ਕਲੱਬਾਂ ਨੂੰ ਵੇਚ ਦਿੱਤਾ ਜਾਵੇ ਤਾਂ ਪਾਕਿਸਤਾਨ ਦਾ ਇਕ-ਚੌਥਾਈ ਕਰਜ਼ਾ ਚੁਕਾਇਆ ਜਾ ਸਕਦਾ ਹੈ। ਸਮਾ ਟੀ. ਵੀ. ਨੇ ਦੱਸਿਆ ਕਿ ਮੰਤਰੀ ਨੇ ਸਵੀਕਾਰ ਕੀਤਾ ਹੈ ਕਿ ਦੇਸ਼ ਪਹਿਲਾਂ ਹੀ ਦੀਵਾਲੀਆ ਹੋ ਚੁੱਕਾ ਹੈ ਅਤੇ ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਕੋਲ ਨਹੀਂ ਸਗੋਂ ਦੇਸ਼ ਦੇ ਅੰਦਰ ਹੈ। ਉਨ੍ਹਾਂ ਨੇ ਮੌਜੂਦਾ ਆਰਥਿਕ ਸਥਿਤੀ ਲਈ ਸੰਸਥਾਵਾਂ, ਨੌਕਰਸ਼ਾਹੀ ਅਤੇ ਰਾਜਨੇਤਾਵਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ।

ਆਸਿਫ ਨੇ ਕਿਹਾ ਕਿ ਉਹ 33 ਸਾਲ ਤੋਂ ਸੰਸਦ ਵਿਚ ਹਨ ਅਤੇ 32 ਸਾਲਾਂ ਵਿਚ ਦੇਸ਼ ਦੀ ਸਿਆਸਤ ਨੂੰ ਬਦਨਾਮ ਹੁੰਦੇ ਦੇਖਿਆ ਹੈ। ਸਮਾ ਟੀ. ਵੀ. ਦੀ ਰਿਪੋਰਟ ਮੁਤਾਬਕ ਪੀ. ਐੱਮ. ਐੱਲ.-ਐੱਨ. ਨੇਤਾ ਨੇ ਇਹ ਵੀ ਦੱਸਿਆ ਕਿ ਗੋਲਫ ਕਲੱਬ ਸਰਕਾਰੀ ਜ਼ਮੀਨ ’ਤੇ ਬਣਾਏ ਗਏ ਹਨ ਅਤੇ ਉਨ੍ਹਾਂ ’ਚੋਂ ਦੋ ਨੂੰ ਵੇਚਣ ਨਾਲ ਪਾਕਿਸਤਾਨ ਦਾ ਇਕ-ਚੌਥਾਈ ਕਰਜ਼ਾ ਘੱਟ ਹੋ ਜਾਵੇਗਾ।

ਆਸਿਫ ਨੇ ਅੱਤਵਾਦ ਦੇ ਖਿਲਾਫ਼ ਲੜਾਈ ਵਿਚ ਜਵਾਨਾਂ ਦੇ ਸ਼ਹੀਦ ਹੋਣ ’ਤੇ ਵੀ ਸ਼ੋਕ ਪ੍ਰਗਟ ਕਰਦੇ ਹੋਏ ਕਿਹਾ ਕਿ ਸੁਰੱਖਿਆ ਏਜੰਸੀਆਂ ਇਸ ਮੁੱਦੇ ਨਾਲ ਨਜਿੱਠਣ ਲਈ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਅੱਤਵਾਦੀਆਂ ਨੂੰ ਦੋ ਸਾਲ ਪਹਿਲਾਂ ਦੇਸ਼ ਵਿਚ ਵਸਣ ਦਾ ਪੂਰਾ ਮੌਕਾ ਦਿੱਤਾ ਗਿਆ। ਦਿ ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਆਸਿਫ ਨੇ ਇਹ ਵੀ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਸਰਕਾਰੀ ਖਰਚੇ ਨੂੰ ਘੱਟ ਕਰ ਕੇ ਵਿੱਤੀ ਘਾਟੇ ਨੂੰ ਕੰਟਰੋਲ ਕਰਨ ਲਈ ਸਾਰੀਆਂ ਸਰਕਾਰੀ ਸੰਸਥਾਵਾਂ ਵਿਚ ਮੁੱਖ ਉਪਾਵਾਂ ਦਾ ਐਲਾਨ ਕਰਨਗੇ।

ਇਸ ਦਰਮਿਆਨ ਵਿਰੋਧੀ ਧਿਰ ਨੇ ਸਰਕਾਰ ਦੇ ਕੁਝ ਹਿੰਮਤੀ ਫੈਸਲੇ ਲੈਣ ਅਤੇ ਦੇਸ਼ ਨੂੰ ਆਰਥਿਕ ਸੰਕਟ ’ਚੋਂ ਬਾਹਰ ਕੱਢਣ ਲਈ ਆਪਣੇ ਖਰਚਿਆਂ ਵਿਚ ਕਟੌਤੀ ਦੇ ਉਪਾਵਾਂ ਨੂੰ ਲਾਗੂ ਕਰਨ ਦਾ ਪ੍ਰਸਤਾਵ ਦਿੱਤਾ। ਵਿਰੋਧੀ ਧਿਰ ਦੇ ਨੇਤਾ ਸ਼ਹਿਜ਼ਾਦ ਵਸੀਮ ਨੇ ਕਿਹਾ ਕਿ ਸ਼ਾਸਕਾਂ ਨੇ 1100 ਅਰਬ ਰੁਪਏ ਦੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਬੰਦ ਕਰ ਦਿੱਤਾ ਹੈ ਅਤੇ ਪਾਕਿਸਤਾਨ ਦੀ ਜਨਤਾ ਇਸ ਦਾ ਖਮਿਆਜ਼ਾ ਭੁਗਤ ਰਹੀ ਹੈ। ਖਬਰ ਮੁਤਾਬਕ ਉਨ੍ਹਾਂ ਨੇ ਖ਼ਦਸ਼ਾ ਪ੍ਰਗਟਾਇਆ ਕਿ ਨਵੇਂ ਬਜਟ ਦੇ ਉਪਾਵਾਂ ਨਾਲ ਮਹਿੰਗਾਈ ਵਧੇਗੀ।

Add a Comment

Your email address will not be published. Required fields are marked *