ਕੈਨੇਡੀਅਨ ਸੰਸਦ ‘ਚ ਗੂੰਜਿਆ ਮਿਸੀਸਾਗਾ ਰਾਮ ਮੰਦਰ ਹਮਲੇ ਦਾ ਮੁੱਦਾ

ਮਿਸੀਸਾਗਾ ‘ਚ ਸਥਿਤ ਰਾਮ ਮੰਦਰ ਦਾ ਮਾਮਲਾ ਹੁਣ ਕੈਨੇਡਾ ਦੀ ਸੰਸਦ ‘ਚ ਵੀ ਗੂੰਜ ਰਿਹਾ ਹੈ। ਕੈਨੇਡੀਅਨ ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰ ਆਰੀਆ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਅਤੇ ਕੈਨੇਡਾ ਵਿੱਚ ਵਧ ਰਹੇ ਹਿੰਦੂ ਵਿਰੋਧੀ ਪ੍ਰਦਰਸ਼ਨਾਂ ‘ਤੇ ਚਿੰਤਾ ਵੀ ਪ੍ਰਗਟਾਈ। ਚੰਦਰ ਆਰੀਆ ਨੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਘਟਨਾਵਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੈਨੇਡਾ ‘ਚ ਹਿੰਦੂ ਮੰਦਰ ਨਫ਼ਰਤੀ ਅਪਰਾਧਾਂ ਦਾ ਨਿਸ਼ਾਨਾ ਬਣ ਰਹੇ ਹਨ।

ਚੰਦਰ ਆਰੀਆ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਕਿਹਾ ਕਿ ਬੜੇ ਦੁੱਖ ਅਤੇ ਨਾਰਾਜ਼ਗੀ ਨਾਲ ਸਾਨੂੰ ਦੱਸਣਾ ਪੈ ਰਿਹਾ ਹੈ ਕਿ ਮਿਸੀਸਾਗਾ ਦਾ ਰਾਮ ਮੰਦਰ ਹਿੰਦੂ ਅਤੇ ਭਾਰਤ ਵਿਰੋਧੀਆਂ ਦਾ ਤਾਜ਼ਾ ਨਿਸ਼ਾਨਾ ਬਣਿਆ ਹੈ। ਹਾਲ ਹੀ ਦੇ ਸਮੇਂ ‘ਚ ਕੈਨੇਡਾ ਵਿੱਚ ਕਈ ਹਿੰਦੂ ਮੰਦਰਾਂ ਨੂੰ ਭਾਰਤ ਅਤੇ ਹਿੰਦੂ ਵਿਰੋਧੀ ਸੰਗਠਨਾਂ ਦੁਆਰਾ ਨਿਸ਼ਾਨਾ ਬਣਾਇਆ ਗਿਆ ਹੈ। ਇਨ੍ਹਾਂ ਸੰਗਠਨਾਂ ਨੇ ਪਹਿਲਾਂ ਵੀ ਸੋਸ਼ਲ ਮੀਡੀਆ ‘ਤੇ ਹਿੰਦੂ ਕੈਨੇਡੀਅਨ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਹਿੰਦੂਫੋਬੀਆ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਉਹ ਹਿੰਦੂ ਮੰਦਰਾਂ ‘ਤੇ ਹਮਲੇ ਕਰ ਰਹੇ ਹਨ। ਕਈ ਹਿੰਦੂਆਂ ‘ਤੇ ਵੀ ਹਮਲੇ ਹੋਣ ਦੀਆਂ ਖ਼ਬਰਾਂ ਆਈਆਂ ਹਨ। ਚੰਦਰ ਆਰੀਆ ਨੇ ਕਿਹਾ ਕਿ ਕੈਨੇਡਾ ਨੂੰ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।

ਇਕ ਕੈਨੇਡੀਅਨ ਹੋਣ ਦੇ ਨਾਤੇ ਅਸੀਂ ਸਾਰੇ ਧਾਰਮਿਕ ਮਾਨਤਾਵਾਂ ਅਤੇ ਵਿਸ਼ਵਾਸਾਂ ਨਾਲ ਸ਼ਾਂਤੀ ਨਾਲ ਰਹਿੰਦੇ ਹਾਂ ਅਤੇ ਸਾਨੂੰ ਇਸ ਨੂੰ ਅੱਗੇ ਵੀ ਕਾਇਮ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਚੰਦਰ ਆਰੀਆ ਨੇ ਆਪਣੇ ਬਿਆਨ ਦੀ ਕਾਪੀ ਸੋਸ਼ਲ ਮੀਡੀਆ ‘ਤੇ ਵੀ ਪੋਸਟ ਕੀਤੀ ਹੈ। ਦੱਸ ਦੇਈਏ ਕਿ ਹਾਲ ਹੀ ‘ਚ ਮਿਸੀਸਾਗਾ ਦੇ ਰਾਮ ਮੰਦਰ ‘ਚ ਭੰਨਤੋੜ ਕਰਨ ਅਤੇ ਮੰਦਰ ‘ਤੇ ਭਾਰਤ ਵਿਰੋਧੀ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਸੀ। ਕਿਸੇ ਹਿੰਦੂ ਮੰਦਰ ‘ਤੇ ਭਾਰਤ ਵਿਰੋਧੀ ਨਾਅਰੇ ਲਿਖਣ ਦੀ ਇਹ ਪਹਿਲੀ ਘਟਨਾ ਨਹੀਂ ਸੀ। ਇਸ ਤੋਂ ਪਹਿਲਾਂ ਬਰੈਂਪਟਨ ਇਲਾਕੇ ਵਿੱਚ ਸਥਿਤ ਗੌਰੀ ਸ਼ੰਕਰ ਮੰਦਰ ‘ਚ ਭਾਰਤ ਵਿਰੋਧੀ ਨਾਅਰੇ ਲਿਖਣ ਦੀ ਘਟਨਾ ਵੀ ਸਾਹਮਣੇ ਆਈ ਸੀ।

ਕੈਨੇਡਾ ਸਥਿਤ ਭਾਰਤੀ ਦੂਤਾਵਾਸ ਨੇ ਵੀ ਇਨ੍ਹਾਂ ਘਟਨਾਵਾਂ ‘ਤੇ ਚਿੰਤਾ ਪ੍ਰਗਟ ਕੀਤੀ ਸੀ ਅਤੇ ਕੈਨੇਡਾ ਸਰਕਾਰ ਨੂੰ ਸ਼ਿਕਾਇਤ ਕਰਕੇ ਬਣਦੀ ਕਾਰਵਾਈ ਦੀ ਮੰਗ ਕੀਤੀ ਸੀ। ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਵੀ ਹਿੰਦੂ ਮੰਦਰ ‘ਤੇ ਹੋਏ ਹਮਲੇ ਦੀ ਆਲੋਚਨਾ ਕੀਤੀ ਅਤੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਸਨ। ਪਿਛਲੇ ਸਾਲ ਕੈਨੇਡਾ ਦੇ ਸਵਾਮੀਨਾਰਾਇਣ ਮੰਦਰ ‘ਤੇ ਵੀ ਭਾਰਤ ਵਿਰੋਧੀ ਨਾਅਰੇ ਲਿਖਣ ਦੀ ਘਟਨਾ ਵਾਪਰੀ ਸੀ। ਕੈਨੇਡਾ ਦੇ ਕੱਟੜਪੰਥੀ ਖਾਲਿਸਤਾਨੀਆਂ ‘ਤੇ ਇਸ ਦਾ ਦੋਸ਼ ਲਾਇਆ ਸੀ।

Add a Comment

Your email address will not be published. Required fields are marked *