ਵੀਡੀਓ ਕਲਿੱਪ ਤੋਂ ਨਾਰਾਜ਼ ਈਰਾਨ ਦੇ ਵਿਦੇਸ਼ ਮੰਤਰੀ ਨੇ ਭਾਰਤ ਦਾ ਦੌਰਾ ਰੱਦ ਕਰਨ ਦਾ ਕੀਤਾ ਫ਼ੈਸਲਾ

 ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਾਯਾਨ ਨੇ ਅਗਲੇ ਮਹੀਨੇ ਭਾਰਤ ਦਾ ਪ੍ਰਸਤਾਵਿਤ ਦੌਰਾ ਰੱਦ ਕਰ ਦਿੱਤਾ ਹੈ। ਉਹ ਇੱਥੇ ਭੂ-ਰਾਜਨੀਤੀ ‘ਤੇ ਆਯੋਜਿਤ ਇਕ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਆਉਣ ਵਾਲੇ ਸਨ। ਜ਼ਾਹਿਰ ਤੌਰ ‘ਤੇ ਉਹ ਪ੍ਰੋਗਰਾਮ ਦੇ ਪ੍ਰਚਾਰ ਨਾਲ ਜੁੜੀ ਇਕ ਵੀਡੀਓ ਤੋਂ ਨਾਰਾਜ਼ ਹਨ, ਜਿਸ ਵਿੱਚ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਤਸਵੀਰ ਦੇ ਨਾਲ ਵਿਰੋਧ ਕਰ ਰਹੀਆਂ ਈਰਾਨੀ ਔਰਤਾਂ ਦੀ ਇਕ ਛੋਟੀ ਕਲਿੱਪ ਦਿਖਾਈ ਗਈ ਹੈ।

ਇਸ ਮਾਮਲੇ ‘ਤੇ ਵਿਦੇਸ਼ ਮੰਤਰਾਲੇ ਜਾਂ ਇੱਥੇ ਈਰਾਨੀ ਦੂਤਾਵਾਸ ਵੱਲੋਂ ਕੋਈ ਅਧਿਕਾਰਕ ਟਿੱਪਣੀ ਨਹੀਂ ਕੀਤੀ ਗਈ। ਅਬਦੁੱਲਾਯਾਨ ਨੇ 3 ਅਤੇ 4 ਮਾਰਚ ਨੂੰ ਆਯੋਜਿਤ ”ਰਾਇਸੀਨਾ ਡਾਇਲਾਗ” ‘ਚ ਸ਼ਿਰਕਤ ਕਰਨੀ ਸੀ। ਸੂਤਰਾਂ ਮੁਤਾਬਕ ਉਹ ਇਸ ਦੌਰੇ ‘ਤੇ ਨਹੀਂ ਆ ਰਹੇ ਕਿਉਂਕਿ ਈਰਾਨੀ ਪੱਖ ਨੂੰ ਲੱਗਦਾ ਹੈ ਕਿ ਇਸ ਵੀਡੀਓ ਕਲਿੱਪ ‘ਚ ਉਨ੍ਹਾਂ ਦੇ ਦੇਸ਼ ਨੂੰ ਗਲਤ ਤਰੀਕੇ ਨਾਲ ਦਿਖਾਇਆ ਗਿਆ ਹੈ। “ਰਾਇਸੀਨਾ ਡਾਇਲਾਗ” ਨੂੰ ਭੂ-ਰਾਜਨੀਤੀ ਅਤੇ ਭੂ-ਅਰਥ ਸ਼ਾਸਤਰ ‘ਤੇ ਭਾਰਤ ਦੀ ਮਹੱਤਵਪੂਰਨ ਕਾਨਫਰੰਸ ਮੰਨਿਆ ਜਾਂਦਾ ਹੈ।

ਇਹ ਆਬਜ਼ਰਵਰ ਰਿਸਰਚ ਫਾਊਂਡੇਸ਼ਨ (ORF) ਦੁਆਰਾ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਵੀਡੀਓ ਇਕ ਮਿੰਟ 50 ਸਕਿੰਟ ਦਾ ਹੈ ਅਤੇ ਇਸ ਵਿੱਚ ਯੂਕ੍ਰੇਨ-ਰੂਸ ਯੁੱਧ, ਦੱਖਣੀ ਚੀਨ ਸਾਗਰ ਵਿੱਚ ਚੀਨ ਦੇ ਹਮਲਾਵਰ ਰੁਖ ਅਤੇ ਈਰਾਨ ‘ਚ ਔਰਤਾਂ ਦੇ ਵਿਰੋਧ ਸਮੇਤ ਵੱਡੀਆਂ ਵਿਸ਼ਵ ਚੁਣੌਤੀਆਂ ਸ਼ਾਮਲ ਹਨ। ਈਰਾਨ ਦੇ ਵਿਦੇਸ਼ ਮੰਤਰੀ ਦੇ ਭਾਰਤ ਦੌਰੇ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।

Add a Comment

Your email address will not be published. Required fields are marked *