ਭਾਜਪਾ ਨੇ ‘ਭਾਰਤ ਜੋੜੋ ਯਾਤਰਾ’ ਦੀ ਵੀਡੀਓ ਨਾਲ ਛੇੜਛਾੜ ਕੀਤੀ: ਕਾਂਗਰਸ

ਨਵੀਂ ਦਿੱਲੀ, 25 ਨਵੰਬਰ– ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਭਾਰਤ ਜੋੜੋ ਯਾਤਰਾ ਦੇ ਸਬੰਧ ’ਚ ਭਾਰਤੀ ਜਨਤਾ ਪਾਰਟੀ ਦੇ ਆਈਟੀ ਸੈੱਲ ਵੱਲੋਂ ਪੋਸਟ ਕੀਤੀ ਗਈ ਇੱਕ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ ਤਾਂ ਜੋ ਬਹੁਤ ਜ਼ਿਆਦਾ ਕਾਮਯਾਬ ਹੋ ਰਹੀ ਇਸ ਯਾਤਰਾ ਨੂੰ ਬਦਨਾਮ ਕੀਤਾ ਜਾ ਸਕੇ। ਭਾਜਪਾ ਨੇ ਦਾਅਵਾ ਕੀਤਾ ਸੀ ਕਿ ਮੱਧ ਪ੍ਰਦੇਸ਼ ’ਚ ਕਾਂਗਰਸ ਦੀ ਯਾਤਰਾ ਦੌਰਾਨ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਮਾਰੇ ਗਏ ਸਨ।

ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ ਜਿਸ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਪਾਰਟੀ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਤੇ ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕਮਲਨਾਥ ਨੂੰ ਪੈਦਲ ਚੱਲਦੇ ਦੇਖਿਆ ਜਾ ਸਕਦਾ ਹੈ ਅਤੇ 21 ਸਕਿੰਟ ਦੀ ਵੀਡੀਓ ਦੇ ਅੰਤ ’ਚ ਕਥਿਤ ਤੌਰ ’ਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਦੀ ਆਵਾਜ਼ ਆਉਂਦੀ ਹੈ।

ਮਾਲਵੀਆ ਨੇ ਟਵੀਟ ਕੀਤਾ, ‘ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ’ਚ ਸ਼ਾਮਲ ਹੋਣ ਲਈ ਰਿਚਾ ਚੱਢਾ ਦੇ ਜਨਤਕ ਸੱਦੇ ਤੋਂ ਬਾਅਦ ਖਰਗੋਨ ’ਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ। ਕਾਂਗਰਸ ਦੇ ਸੰਸਦ ਮੈਂਬਰ ਨੇ ਵੀਡੀਓ ਪੋਸਟ ਕੀਤੀ ਅਤੇ ਫਿਰ ਗੜਬੜੀ ਸਾਹਮਣੇ ਆਉਣ ਮਗਰੋਂ ਇਸ ਨੂੰ ਹਟਾ ਦਿੱਤਾ। ਇਹ ਕਾਂਗਰਸ ਦੀ ਸੱਚਾਈ ਹੈ।’ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਜਪਾ ਦੇ ‘ਡਰਟੀ ਟ੍ਰਿਕਸ ਡਿਪਾਰਟਮੈਂਟ’ ਵੱਲੋਂ ਵੀਡੀਓ ਨਾਲ ਛੇੜਛਾੜ ਕੀਤੀ ਗਈ ਤਾਂ ਜੋ ਬਹੁਤ ਹੀ ਕਾਮਯਾਬ ਭਾਰਤ ਜੋੜੋ ਯਾਤਰਾ ਨੂੰ ਬਦਨਾਮ ਕੀਤਾ ਜਾ ਸਕੇ। ਉਨ੍ਹਾਂ ਟਵੀਟ ਕੀਤਾ, ‘ਅਸੀਂ ਤੁਰੰਤ ਲੋੜੀਂਦੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ। ਅਸੀਂ ਅਜਿਹੀ ਰਣਨੀਤੀ ਲਈ ਤਿਆਰ ਹਾਂ ਅਤੇ ਇਸ ਦਾ ਨਤੀਜਾ ਭੁਗਤਣਾ ਪਵੇਗਾ।’ ਰਮੇਸ਼ ਨੇ ਇੱਕ ਹੋਰ ਟਵੀਟ ’ਚ ਦੋਸ਼ ਲਾਇਆ ਕਿ ਮੱਧ ਪ੍ਰਦੇਸ਼ ਸਰਕਾਰ ਨੇ ਛਤਰਪੁਰ ਜ਼ਿਲ੍ਹੇ ’ਚ ਹੀਰਾ ਖਣਨ ਪ੍ਰਾਜੈਕਟ ਤੋਂ ਕੱਢੇ ਗਏ ਕਬਾਇਲੀ ਪਰਿਵਾਰਾਂ ਨੂੰ ਅੱਜ ਰਾਹੁਲ ਗਾਂਧੀ ਨਾਲ ਮਿਲਣ ਤੋਂ ਰੋਕਿਆ ਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਭਾਜਪਾ ਦਾ ਲੋਕਤੰਤਰ ਹੈ।

Add a Comment

Your email address will not be published. Required fields are marked *