ਜਿੰਨਾ ਚਿੱਕੜ ਉਛਾਲੋਗੇ ਕਮਲ ਹੋਰ ਜ਼ਿਆਦਾ ਖਿੜੇਗਾ: ਮੋਦੀ

ਨਵੀਂ ਦਿੱਲੀ, 9 ਫਰਵਰੀ-: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਤੋਂ ਬਾਅਦ ਅੱਜ ਰਾਜ ਸਭਾ ’ਚ ਵਿਰੋਧੀ ਧਿਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਉਨ੍ਹਾਂ ’ਤੇ ਦੋਸ਼ਾਂ ਨਾਲ ਭਰਿਆ ਚਿੱਕੜ ਉਛਾਲਣ ਨਾਲ ਕਮਲ (ਭਾਜਪਾ ਦਾ ਚੋਣ ਨਿਸ਼ਾਨ) ਹੋਰ ਵਧੇਰੇ ਖਿੜੇਗਾ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਵਿਰੋਧ ਕਰਨ ਲਈ ਜਿਹੜੀ ਚੀਕ ਚੀਕ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਉਸ ਦੇ ਟਾਕਰੇ ਲਈ ਉਹ ਇਕੱਲੇ ਹੀ ਬਥੇਰੇ ਹਨ। ਆਪਣੀ ਛਾਤੀ ਠੋਕਦਿਆਂ ਉਨ੍ਹਾਂ ਕਿਹਾ,‘‘ਮੈਂ ਦੇਸ਼ ਲਈ ਜਿਊਂਦਾ ਹਾਂ ਅਤੇ ਦੇਸ਼ ਲਈ ਕੁਝ ਕਰਨਾ ਚਾਹੁੰਦਾ ਹਾਂ ਜਿਸ ਕਾਰਨ ਵਿਰੋਧੀ ਪਾਰਟੀਆਂ ਬੁਖਲਾ ਗਈਆਂ ਹਨ ਅਤੇ ਉਹ ਆਪਣੇ ਆਪ ਨੂੰ ਬਚਾਉਣ ਲਈ ਸਿਆਸਤ ਕਰ ਰਹੀਆਂ ਹਨ। ਦੇਸ਼ ਦੇਖ ਰਹਾ ਹੈ, ਏਕ ਅਕੇਲਾ ਕਿਤਨੋਂ ਕੋ ਭਾਰੀ ਪੜ ਰਹਾ ਹੈ।’’ ਸ੍ਰੀ ਮੋਦੀ ਨੇ ਰਾਸ਼ਟਰਪਤੀ ਦੇ ਭਾਸ਼ਨ ’ਤੇ ਧੰਨਵਾਦ ਮਤੇ ਉਪਰ ਚਰਚਾ ਦਾ ਰਾਜ ਸਭਾ ’ਚ ਜਵਾਬ ਦਿੰਦਿਆਂ ਆਪਣੇ ਕਰੀਬ 90 ਮਿੰਟ ਦੇ ਭਾਸ਼ਨ ਦੌਰਾਨ ਸਰਕਾਰ ਦੀਆਂ ਵੱਖ ਵੱਖ ਪ੍ਰਾਪਤੀਆਂ ਗਿਣਾਈਆਂ। ਇਸ ਦੌਰਾਨ ਵਿਰੋਧੀ ਧਿਰ ਦੇ ਮੈਂਬਰ ‘ਮੋਦੀ-ਅਡਾਨੀ, ਭਾਈ-ਭਾਈ’ ਦੇ ਨਾਅਰੇ ਲਗਾ ਕੇ ਜੇਪੀਸੀ ਬਣਾਉਣ ਦੀ ਮੰਗ ਕਰਦੇ ਰਹੇ। ਹਾਕਮ ਧਿਰ ਦੇ ਮੈਂਬਰਾਂ ਵੱਲੋਂ ‘ਮੋਦੀ-ਮੋਦੀ’ ਦੇ ਨਾਅਰੇ ਲਗਾਉਣ ਦਰਮਿਆਨ ਪ੍ਰਧਾਨ ਮੰਤਰੀ ਨੇ ਕਿਹਾ,‘‘ਨਾਅਰੇ ਬੋਲਨੇ ਕੇ ਲੀਏ ਭੀ ਉਨਕੋ ਬਦਲ ਕਰਨਾ ਪੜਤਾ ਹੈ। ਏਕ ਸੰਕਲਪ ਕੇ ਕਾਰਨ ਚਲਾ ਹੂੰ, ਦੇਸ਼ ਕੇ ਲੀਏ ਜੀਤਾ ਹੂੰ, ਦੇਸ਼ ਕੇ ਲੀਏ ਕੁਝ ਕਰਨੇ ਕੇ ਲੀਏ ਨਿਕਲਾ ਹੂੰ।’’ ਕਾਂਗਰਸ ਵੱਲੋਂ ਜਵਾਹਰਲਾਲ ਨਹਿਰੂ ਦੇ ਯੋਗਦਾਨ ਨੂੰ ਭਾਜਪਾ ਵੱਲੋਂ ਅਣਗੌਲਿਆ ਕਰਨ ਦੇ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਪਹਿਲੇ ਪ੍ਰਧਾਨ ਮੰਤਰੀ ਇੰਨੇ ਮਹਾਨ ਸਨ ਤਾਂ ਉਨ੍ਹਾਂ ਦੀਆਂ ਸੰਤਾਨਾਂ ਨੇ ਆਪਣੇ ਨਾਮ ਨਾਲ ਨਹਿਰੂ ਕਿਉਂ ਨਹੀਂ ਲਗਾਇਆ। ਆਪਣੇ ਅਤੇ ਸਰਕਾਰ ਖ਼ਿਲਾਫ਼ ਲਾਏ ਜਾ ਰਹੇ ਦੋਸ਼ਾਂ ਦੇ ਜਵਾਬ ’ਚ ਸ੍ਰੀ ਮੋਦੀ ਨੇ ਮਾਨਿਕ ਵਰਮਾ ਦੀ ਕਵਿਤਾ ਦਾ ਜ਼ਿਕਰ ਕਰਦਿਆਂ ਕਿਹਾ,‘‘ਕੀਚੜ ਉਨਕੇ ਪਾਸ ਥਾ, ਮੇਰੇ ਪਾਸ ਗੁਲਾਲ। ਜੋ ਜਿਸ ਕੇ ਪਾਸ ਥਾ, ਉਸਨੇ ਦੀਆ ਉਛਾਲ।’’ ਦੇਸ਼ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਾਂਗਰਸ ਵੱਲੋਂ ਸਿਰਫ਼ ਖਾਨਾਪੂਰਤੀ ਕੀਤੇ ਜਾਣ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਸਿਰਫ਼ ਆਪਣੀਆਂ ਸਿਆਸੀ ਖਾਹਿਸ਼ਾਂ ਦੀ ਫਿਕਰ ਸੀ ਜਦਕਿ ਭਾਜਪਾ ਸਰਕਾਰ ਨੇ ਦੇਸ਼ ਨੂੰ ਅਗਾਂਹ ਲਿਜਾਣ ਦਾ ਦਾ ਰਾਹ ਅਪਣਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਸੰਵਿਧਾਨ ਦੀ ਧਾਰਾ 356 ਦੀ ਦੁਰਵਰਤੋਂ ਕਰਕੇ 90 ਵਾਰ ਚੁਣੀਆਂ ਹੋਈਆਂ ਸਰਕਾਰਾਂ ਡੇਗੀਆਂ ਸਨ। ਉਨ੍ਹਾਂ ਕਿਹਾ ਕਿ ਇਕੱਲੇ ਇੰਦਰਾ ਗਾਂਧੀ ਨੇ ਹੀ 50 ਵਾਰ ਸਰਕਾਰਾਂ ਡੇਗੀਆਂ ਸਨ। ‘ਇਹ ਮੁਲਕ ਕਿਸੇ ਦੀ ਜਾਗੀਰ ਨਹੀਂ ਹੈ। ਸਾਡੀਆਂ ਨੀਤੀਆਂ ’ਚ ਰਾਸ਼ਟਰੀ ਅਤੇ ਖੇਤਰੀ ਖਾਹਿਸ਼ਾਂ ਝਲਕਦੀਆਂ ਹਨ। ਇਹ ਜਿਹੜੇ ਲੋਕ ਅੱਜ ਬੈਠੇ ਹੋਏ ਹਨ (ਕਾਂਗਰਸ ਨਾਲ), ਮੈਂ ਅੱਜ ਉਨ੍ਹਾਂ ਦਾ ਪਰਦਾਫਾਸ਼ ਕਰਾਂਗਾ। ਐੱਨ ਟੀ ਰਾਮਾ ਰਾਓ ਦੀ ਸਰਕਾਰ ਉਸ ਸਮੇਂ ਬਰਖ਼ਾਸਤ ਕੀਤੀ ਗਈ ਸੀ ਜਦੋਂ ਉਹ ਇਲਾਜ ਲਈ ਅਮਰੀਕਾ ’ਚ ਸਨ। ਉਹ ਵੀ ਕਬਰਾਂ ’ਚ ਡੀਐੱਮਕੇ ਦੇ ਕਾਂਗਰਸ ਨਾਲ ਗੱਠਜੋੜ ਤੋਂ ਨਾਰਾਜ਼ ਹੋਣਗੇ।’ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਬੀਤੇ ’ਚ ਕਈ ਪਾਪ ਕੀਤੇ ਅਤੇ ਹੁਣ ਉਹ ਦੇਸ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਸੂਬਿਆਂ ਨੂੰ ਸਿਆਸੀ ਲਾਹੇ ਲਈ ਲੋਕ ਲੁਭਾਊ ਨੀਤੀਆਂ ਖ਼ਿਲਾਫ਼ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ‘ਅਨਰਥ ਨੀਤੀ’ ਹੈ। ਸ੍ਰੀ ਮੋਦੀ ਨੇ ਕਿਹਾ ਕਿ ਕੁਝ ਲੋਕਾਂ ਦਾ ਵਤੀਰਾ ਅਤੇ ਭਾਸ਼ਾ ਨਾ ਸਿਰਫ਼ ਸਦਨ ਸਗੋਂ ਦੇਸ਼ ਲਈ ਵੀ ਨਿਰਾਸ਼ ਕਰਨ ਵਾਲੀ ਹੈ। ਬਾਅਦ ’ਚ ਰਾਸ਼ਟਰਪਤੀ ਦੇ ਭਾਸ਼ਨ ’ਤੇ ਧੰਨਵਾਦ ਮਤੇ ਨੂੰ ਜ਼ੁਬਾਨੀ ਵੋਟਾਂ ਨਾਲ ਅਪਣਾ ਲਿਆ ਗਿਆ।

Add a Comment

Your email address will not be published. Required fields are marked *