ਇਮਰਾਨ ਖਾਨ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਤੋਂ ਸਾਬਕਾ ਫੌਜ ਮੁਖੀ ਬਾਜਵਾ ਖ਼ਿਲਾਫ਼ ਜਾਂਚ ਦੀ ਕੀਤੀ ਮੰਗ

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਰਾਸ਼ਟਰਪਤੀ ਆਰਿਫ ਅਲਵੀ ਨਾਲ ਸੰਪਰਕ ਕਰਕੇ ਸਾਬਕਾ ਫੌਜ ਮੁਖੀ ਜਨਰਲ (ਸੇਵਾ-ਮੁਕਤ) ਕਮਰ ਜਾਵੇਦ ਬਾਜਵਾ ਖ਼ਿਲਾਫ਼ ਜਾਂਚ ਦੀ ਮੰਗ ਕੀਤੀ ਹੈ। ਖਾਨ ਨੇ ਰਾਸ਼ਟਰਪਤੀ ਨੂੰ ਦੱਸਿਆ ਕਿ ਬਾਜਵਾ ਨੇ ਪ੍ਰਧਾਨ ਮੰਤਰੀ ਹੁੰਦਿਆਂ ਆਪਣੇ ਅਹੁਦੇ ਦੀ ਸਹੁੰ ਦੀ ਵਾਰ-ਵਾਰ ਉਲੰਘਣਾ ਕੀਤੀ, ਜਿਸ ਵਿੱਚ ਉਨ੍ਹਾਂ ਦੀ ਟੈਲੀਫੋਨ ਗੱਲਬਾਤ ਨੂੰ ਗੁਪਤ ਰੂਪ ਵਿੱਚ ਟੈਪ ਕਰਨਾ ਵੀ ਸ਼ਾਮਲ ਸੀ।

14 ਫਰਵਰੀ ਨੂੰ ਰਾਸ਼ਟਰਪਤੀ ਅਲਵੀ ਨੂੰ ਲਿਖੇ ਇਕ ਪੱਤਰ ਵਿੱਚ ਖਾਨ ਨੇ ਪਾਕਿਸਤਾਨ ਦੇ ਫੌਜ ਮੁਖੀ ਵਜੋਂ ਸੇਵਾ ਸ਼ਰਤਾਂ ਦੀ ਉਲੰਘਣਾ ਕਰਨ ਲਈ ਬਾਜਵਾ ਖ਼ਿਲਾਫ ਸ਼ਖਤ ਕਾਰਵਾਈ ਦੀ ਮੰਗ ਕੀਤੀ ਸੀ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਵੱਲੋਂ ਸਾਂਝੀ ਕੀਤੀ ਗਈ ਚਿੱਠੀ ਦੀ ਸਮੱਗਰੀ ਅਨੁਸਾਰ ਸਾਬਕਾ ਪ੍ਰਧਾਨ ਮੰਤਰੀ ਨੇ ਬਾਜਵਾ ਖ਼ਿਲਾਫ਼ ਚਾਰ ਮਾਮਲਿਆਂ ‘ਚ ਜਾਂਚ ਦੀ ਮੰਗ ਕੀਤੀ ਹੈ।

ਮੁੱਖ ਸ਼ਿਕਾਇਤ ਕਾਲਮਨਵੀਸ ਜਾਵੇਦ ਚੌਧਰੀ ਦੁਆਰਾ 9 ਫਰਵਰੀ ਨੂੰ ਇਕ ਉਰਦੂ ਕਾਲਮ ਵਿੱਚ ਪ੍ਰਕਾਸ਼ਿਤ ਬਾਜਵਾ ਦੀਆਂ ਕਥਿਤ ਟਿੱਪਣੀਆਂ ‘ਤੇ ਅਧਾਰਤ ਹੈ। ਚਿੱਠੀ ‘ਚ ਖਾਨ ਨੇ ਲਿਖਿਆ ਕਿ ਚੌਧਰੀ ਨੇ ਆਪਣੇ ਕਾਲਮ ‘ਚ ਜ਼ਿਕਰ ਕੀਤਾ ਕਿ ਸੇਵਾ-ਮੁਕਤ ਜਨਰਲ ਨੇ ਮੰਨਿਆ ਹੈ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣੇ ਰਹਿੰਦੇ ਤਾਂ ਉਹ (ਖਾਨ) ਦੇਸ਼ ਲਈ ਖਤਰਨਾਕ ਸਾਬਤ ਹੁੰਦੇ। ਇਸ ਵਿੱਚ ਕਿਹਾ ਗਿਆ ਹੈ ਕਿ ਅਜਿਹਾ ਕਰਕੇ ਬਾਜਵਾ ਨੇ ਪਾਕਿਸਤਾਨੀ ਸੰਵਿਧਾਨ ਦੀ ਤੀਜੀ ਅਨੁਸੂਚੀ ਦੀ ਧਾਰਾ 244 ਦੀ ਉਲੰਘਣਾ ਕੀਤੀ ਹੈ।

ਅਹੁਦੇ ਦੀ ਸਹੁੰ ਦੇ ਅਨੁਸਾਰ, ਹਥਿਆਰਬੰਦ ਬਲਾਂ ਦੇ ਅਧਿਕਾਰੀਆਂ ਨੂੰ ਰਾਜਨੀਤੀ ਵਿੱਚ ਦਖਲ ਦੇਣ ਦੀ ਆਗਿਆ ਨਹੀਂ ਹੈ। ਖਾਨ ਨੇ ਲਿਖਿਆ ਕਿ ਬਾਜਵਾ ਨੇ ਇਹ ਵੀ ਮੰਨਿਆ ਕਿ ਉਸ ਨੇ ਸਾਬਕਾ ਵਿੱਤ ਮੰਤਰੀ ਸ਼ੌਕਤ ਤਰੀਨ ਨੂੰ ਅਨੈਤਿਕ ਵਿਵਹਾਰ ਦੇ ਦੋਸ਼ਾਂ ਤੋਂ ਮੁਕਤ ਕਰਵਾਉਣ ਲਈ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨਏਬੀ) ਦੇ ਮਾਮਲਿਆਂ ਵਿੱਚ ਦਖਲ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਸੰਵਿਧਾਨਕ ਸਹੁੰ ਦੀ ਵੀ ਉਲੰਘਣਾ ਹੈ।

ਸਾਬਕਾ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਪੱਤਰਕਾਰ ਆਫਤਾਬ ਇਕਬਾਲ ਨੇ ਇਕ ਯੂ-ਟਿਊਬ ਬਲਾਗ ਵਿੱਚ ਦਾਅਵਾ ਕੀਤਾ ਕਿ “ਜਨਰਲ ਬਾਜਵਾ ਨੇ ਇਕ ਗੱਲਬਾਤ ਵਿੱਚ ਉਨ੍ਹਾਂ (ਇਕਬਾਲ) ਨੂੰ ਦੱਸਿਆ ਕਿ ਉਨ੍ਹਾਂ ਕੋਲ ਉਸ ਸਮੇਂ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਹੋਈ ਗੱਲਬਾਤ ਦੀਆਂ ਟੇਪਾਂ ਹਨ।” ਖਾਨ ਨੇ ਇਹ ਵੀ ਦੋਸ਼ ਲਾਇਆ ਕਿ ਇਕ ਸੈਮੀਨਾਰ ਵਿੱਚ ਬਾਜਵਾ ਨੇ ਸੰਘਰਸ਼ ‘ਚ ਨਿਰਪੱਖਤਾ ਦੀ ਰਾਸ਼ਟਰੀ ਨੀਤੀ ਦੀ ਉਲੰਘਣਾ ਕਰਦਿਆਂ ਯੂਕ੍ਰੇਨ ਵਿੱਚ ਰੂਸ ਦੇ ਹਮਲੇ ਦੀ ਨਿੰਦਾ ਕੀਤੀ। ਉਨ੍ਹਾਂ ਰਾਸ਼ਟਰਪਤੀ ਨੂੰ ਅਪੀਲ ਕੀਤੀ, “ਇਨ੍ਹਾਂ ਉਲੰਘਣਾਵਾਂ ਦੇ ਮੱਦੇਨਜ਼ਰ… ਮੈਂ ਤੁਹਾਨੂੰ ਹਥਿਆਰਬੰਦ ਸੈਨਾਵਾਂ ਦੇ ਸੁਪਰੀਮ ਕਮਾਂਡਰ ਵਜੋਂ ਬਾਜਵਾ ਵਿਰੁੱਧ ਤੁਰੰਤ ਜਾਂਚ ਸ਼ੁਰੂ ਕਰਨ ਦੀ ਬੇਨਤੀ ਕਰਾਂਗਾ।”

Add a Comment

Your email address will not be published. Required fields are marked *