ਨਹੀਂ ਰਹੇ ਜਾਵੇਦ ਖ਼ਾਨ ਅਮਰੋਹੀ, ‘ਲਗਾਨ’ ਤੇ ‘ਚੱਕ ਦੇ ਇੰਡੀਆ’ ਵਰਗੀਆਂ ਫ਼ਿਲਮਾਂ ਤੋਂ ਬਣਾਈ ਸੀ ਪਛਾਣ

ਸੀਨੀਅਰ ਬਾਲੀਵੁੱਡ ਅਦਾਕਾਰ ਜਾਵੇਦ ਖ਼ਾਨ ਅਮਰੋਹੀ ਦਾ ਅੱਜ 70 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਹ ਪਿਛਲੇ ਲੰਬੇ ਸਮੇਂ ਤੋਂ ਫੇਫੜਿਆਂ ਦੀ ਸਮੱਸਿਆ ਤੋਂ ਜੂਝ ਰਹੇ ਸਨ। 14 ਫ਼ਰਵਰੀ ਨੂੰ ਉਨ੍ਹਾਂ ਸੂਰਿਆ ਨਰਸਿੰਗ ਹੋਮ ਵਿਚ ਅਖੀਰਲੇ ਸਾਹ ਲਏ। ਜਾਣਕਾਰੀ ਮੁਤਾਬਕ ਉਨ੍ਹਾਂ ਦੇ ਦੋਵੇਂ ਫੇਫੜੇ ਫੇਲ੍ਹ ਹੋ ਚੁੱਕੇ ਸਨ। 

ਜ਼ਿਕਰਯੋਗ ਹੈ ਕਿ ਜਾਵੇਦ ਖ਼ਾਨ ਅਮਰੋਹੀ ਲੰਬੇ ਸਮੇਂ ਤੋਂ ਆਪਣੀ ਅਦਾਕਾਰੀ ਨਾਲ ਲੋਕਾਂ ਵਿਚ ਆਪਣੀ ਪਛਾਣ ਸਥਾਪਤ ਕਰ ਚੁੱਕੇ ਹਨ। ਉਨ੍ਹਾਂ ਨੇ ‘ਲਗਾਨ’, ‘ਚੱਕ ਦੇ ਇੰਡੀਆ’, ‘ਅੰਦਾਜ਼ ਅਪਨਾ-ਅਪਨਾ’, ‘ਵੰਸ ਅਪਾੱਨ ਅ ਟਾਈਮ’ ਜਿਹੀਆਂ ਫ਼ਿਲਮਾਂ ਵਿਚ ਸ਼ਾਨਦਾਰ ਰੋਲ ਨਿਭਾਇਆ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਫੇਫੜਿਆਂ ਦੀ ਸਮੱਸਿਆ ਤੋਂ ਪੀੜਤ ਸਨ।

ਉਨ੍ਹਾਂ ਨੂੰ ਅਖੀਰਲੀ ਵਾਰ ਸਾਲ 2020 ਵਿਚ ਵੱਡੇ ਪਰਦੇ ‘ਤੇ ਵੇਖਿਆ ਗਿਆ ਸੀ। ਉਸ ਵੇਲੇ ਉਨ੍ਹਾਂ ਨੇ ‘ਸੜਕ 2’ ਨਾਂ ਦੀ ਫ਼ਿਲਮ ਵਿਚ ਪਾਕਿਆ ਦਾ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ ਵਿਚ ਉਨ੍ਹਾਂ ਨੇ ਆਲੀਆ ਭੱਟ, ਸੰਜੇ ਦੱਤ ਤੇ ਅਦਿਤਿਆ ਰਾਏ ਕਪੂਰ ਜਿਹੇ ਅਦਾਕਾਰਾਂ ਨਾਲ ਕੰਮ ਕੀਤਾ ਸੀ। 

ਫ਼ਿਲਮਾਂ ਦੇ ਨਾਲ-ਨਾਲ ਉਹ ਕਈ ਟੀ.ਵੀ. ਸ਼ੋਜ਼ ਵਿਚ ਵੀ ਨਜ਼ਰ ਆ ਚੁੱਕੇ ਹਨ। ਨਾਲ ਹੀ ਉਹ ਇਪਟਾ (ਇੰਡੀਅਨ ਪੀਪਲਜ਼ ਥੀਏਟਰਜ਼ ਐਸੋਸੀਏਸ਼ਨ) ਦੇ ਵੀ ਐਕਟਿਵ ਮੈਂਬਰ ਸਨ। ਦੱਸ ਦੇਈਏ ਕਿ ਜਾਵੇਦ ਨੂੰ ਲੰਬੇ ਸਮੇਂ ਤੋਂ ਸਾਹ ਲੈਣ ਵਿਚ ਤਕਲੀਫ਼ ਹੋ ਰਹੀ ਸੀ। ਇਸ ਤੋਂ ਇਲਾਵਾ ਉਹ ਪਿਛਲੇ ਤਕਰੀਬਨ ਇਕ ਸਾਲ ਤੋਂ ਮੰਜੇ ‘ਤੇ ਸਨ। ਉਹ ਸਾਂਤਾਕਰੂਜ਼ ਦੇ ਸੂਰਿਆ ਨਰਸਿੰਗ ਹੋਮ ਵਿਚ ਦਾਖ਼ਲ ਸਨ, ਜਿੱਥੇ ਅੱਜ ਉਨ੍ਹਾਂ ਨੇ ਅਖ਼ੀਰਲੇ ਸਾਹ ਲਏ। 

Add a Comment

Your email address will not be published. Required fields are marked *