ਵਾਹਨਾਂ ਦੇ ਫਿੱਟਨੈੱਸ ਸਰਟੀਫਿਕੇਟ ਨੂੰ ਲੈ ਕੇ ਮਾਨ ਸਰਕਾਰ ਦੀ ਵੱਡੀ ਪਹਿਲਕਦਮੀ

ਚੰਡੀਗੜ੍ਹ : ਇਕ ਵੱਡੇ ਨਾਗਰਿਕ ਪੱਖੀ ਫ਼ੈਸਲੇ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਟਰਾਂਸਪੋਰਟ ਵਿਭਾਗ ਅਤੇ ਐੱਨ. ਆਈ. ਸੀ. ਵੱਲੋਂ ਲੋਕਾਂ ਨੂੰ ਵਾਹਨਾਂ ਦੇ ਫਿੱਟਨੈੱਸ ਸਰਟੀਫਿਕੇਟ ਆਨਲਾਈਨ ਮੁਹੱਈਆ ਕਰਨ ਲਈ ਵਿਕਸਿਤ ਐਪ ਲਾਂਚ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਮੋਬਾਈਲ ਦੀ ਇਕ ਕਲਿੱਕ ਰਾਹੀਂ ਫਿੱਟਨੈੱਸ ਸਰਟੀਫਿਕੇਟ ਉਨ੍ਹਾਂ ਦੇ ਘਰਾਂ ਵਿਚ ਹੀ ਮੁਹੱਈਆ ਕਰਵਾਇਆ ਜਾ ਸਕੇਗਾ।

ਉਨ੍ਹਾਂ ਕਿਹਾ ਕਿ ਇਸ ਲੋਕ-ਪੱਖੀ ਪਹਿਲਕਦਮੀ ਦਾ ਉਦੇਸ਼ ਲੋਕਾਂ ਨੂੰ ਅਸੁਵਿਧਾ ਤੋਂ ਬਚਾਉਣਾ ਅਤੇ ਫਿੱਟਨੈੱਸ ਸਰਟੀਫਿਕੇਟ ਦੀ ਨਿਰਵਿਘਨ ਅਤੇ ਮੁਸ਼ਕਿਲ ਰਹਿਤ ਡਲਿਵਰੀ ਯਕੀਨੀ ਬਣਾਉਣਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਇਕ ਕ੍ਰਾਂਤੀਕਾਰੀ ਕਦਮ ਹੈ, ਜਿਸ ਨਾਲ ਲੋਕਾਂ ਨੂੰ ਵੱਡੇ ਪੱਧਰ ’ਤੇ ਸਹੂਲਤ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਲੋਕਾਂ ਦੀ ਸਹੂਲਤ ਲਈ ਸਿਸਟਮ ਵਿਚ ਕਿਤੇ ਜ਼ਿਆਦਾ ਪਾਰਦਰਸ਼ਿਤਾ ਆਵੇਗੀ। ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਲੋਕ ਫਿੱਟਨੈੱਸ ਸਰਟੀਫਿਕੇਟ ਪ੍ਰਾਪਤ ਕਰਨ ਦੀ ਫੀਸ ਆਨਲਾਈਨ ਅਦਾ ਕਰ ਸਕਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਉਨ੍ਹਾਂ ਦੀ ਸਹੂਲਤ ਅਨੁਸਾਰ ਆਨਲਾਈਨ ਅਪਾਇੰਟਮੈਂਟ ਦੀ ਸਹੂਲਤ ਵੀ ਦਿੱਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਬਿਨੈਕਾਰ ਵੱਲੋਂ ਦਸਤਾਵੇਜ਼ ਨੂੰ ਵਾਹਨ ਮਾਡਿਊਲ ਉੱਤੇ ਅਪਲੋਡ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਰ. ਟੀ. ਓ. ਸਟਾਫ਼ ਵੱਲੋਂ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਵਾਹਨਾਂ ਦੀ ਜਾਂਚ ਐੱਮ. ਵੀ. ਆਈ. ਵੱਲੋਂ ਆਨਲਾਈਨ ਕੀਤੀ ਜਾਵੇਗੀ। ਭਗਵੰਤ ਮਾਨ ਨੇ ਦੱਸਿਆ ਕਿ ਇਹ ਐਪ ਲੋਕਾਂ ਦੀ ਸਹੂਲਤ ਲਈ ਟਰਾਂਸਪੋਰਟ ਵਿਭਾਗ ਅਤੇ ਐੱਨ. ਆਈ. ਸੀ. ਵੱਲੋਂ ਸਾਂਝੇ ਤੌਰ ’ਤੇ ਤਿਆਰ ਕੀਤੀ ਗਈ ਹੈ।

Add a Comment

Your email address will not be published. Required fields are marked *