ਇਮਰਾਨ ਨੇ ਜੈਸ਼ੰਕਰ ਦੀ ਵੀਡੀਓ ਚਲਾ ਕੇ ਭਾਰਤੀ ਵਿਦੇਸ਼ ਨੀਤੀ ਦੀ ਸ਼ਲਾਘਾ ਕੀਤੀ

ਲਾਹੌਰ, 14 ਅਗਸਤ

ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਚੇਅਰਮੈਨ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਮੁੜ ਭਾਰਤ ਦੀ ਆਜ਼ਾਦਾਨਾ ਵਿਦੇਸ਼ ਨੀਤੀ ਦੀ ਸ਼ਲਾਘਾ ਕੀਤੀ। ਰੂਸ ਤੋਂ ਤੇਲ ਖ਼ਰੀਦਣ ਲਈ ਪੱਛਮੀ ਜਗਤ ਵੱਲੋਂ ਭਾਰਤ ਦੀ ਕੀਤੀ ਜਾ ਰਹੀ ਆਲੋਚਨਾ ਦੀ ਇਮਰਾਨ ਨੇ ਨਿਖੇਧੀ ਵੀ ਕੀਤੀ। ਇਮਰਾਨ ਖਾਨ ਅੱਜ ਲਾਹੌਰ ਦੇ ਹਾਕੀ ਸਟੇਡੀਅਮ ਵਿਚ ਇਕ ਵੱਡੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਮਰਾਨ ਨੇ ਇਸ ਮੌਕੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ ਇਕ ਵੀਡੀਓ ਕਲਿੱਪ ਚਲਾਈ। ਇਹ ਵੀਡੀਓ ਸਲੋਵਾਕੀਆ ਵਿਚ ਹੋਈ ਬ੍ਰਾਤੀਸਲਾਵਾ ਫੋਰਮ ਦੀ ਸੀ। ਉਨ੍ਹਾਂ ਭਾਰਤੀ ਮੰਤਰੀ ਵੱਲੋਂ ਤੇਲ ਖ਼ਰੀਦਣ ਦੇ ਮਾਮਲੇ ਵਿਚ ਅਮਰੀਕੀ ਦਬਾਅ ਅੱਗੇ ਮਜ਼ਬੂਤੀ ਨਾਲ ਖੜ੍ਹਨ ਦੀ ਸ਼ਲਾਘਾ ਕੀਤੀ। ਇਮਰਾਨ ਨੇ ਰੈਲੀ ਵਿਚ ਕਿਹਾ, ‘ਜੇ ਭਾਰਤ, ਜਿਸ ਨੂੰ ਪਾਕਿਸਤਾਨ ਦੇ ਨਾਲ ਹੀ ਆਜ਼ਾਦੀ ਮਿਲੀ ਸੀ, ਤੇ ਨਵੀਂ ਦਿੱਲੀ ਇਸ     ਤਰ੍ਹਾਂ ਦਾ ਮਜ਼ਬੂਤ ਰੁਖ਼ ਅਖ਼ਤਿਆਰ   ਕਰ ਸਕਦੀ ਹੈ, ਆਪਣੀ ਵਿਦੇਸ਼   ਨੀਤੀ ਆਪਣੇ ਲੋਕਾਂ ਦੀ ਲੋੜ   ਮੁਤਾਬਕ ਘੜ ਸਕਦੀ ਹੈ ਤਾਂ ਉਹ ਕੌਣ ਹੁੰਦੇ ਹਨ (ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਸਰਕਾਰ) ਜੋ ਅਮਰੀਕਾ ਦੇ ਕਹਿਣ ’ਤੇ ਚੱਲਦੇ ਹਨ’। 

ਇਮਰਾਨ ਖਾਨ ਨੇ ਵੀਡੀਓ ਚਲਾਉਂਦਿਆਂ ਕਿਹਾ, ‘ਉਨ੍ਹਾਂ (ਅਮਰੀਕਾ) ਨੇ ਭਾਰਤ ਨੂੰ ਰੂਸ ਤੋਂ ਤੇਲ ਨਾ ਖ਼ਰੀਦਣ ਦੇ ਹੁਕਮ ਦਿੱਤੇ। ਭਾਰਤ, ਅਮਰੀਕਾ ਦਾ ਰਣਨੀਤਕ ਭਾਈਵਾਲ ਹੈ, ਪਾਕਿਸਤਾਨ ਨਹੀਂ ਹੈ। ਚਲੋਂ ਅਸੀਂ ਦੇਖਦੇ ਹਾਂ ਕਿ ਅਮਰੀਕਾ ਦੇ ਹੁਕਮ ਦਾ ਭਾਰਤ ਦੇ ਵਿਦੇਸ਼ ਮੰਤਰੀ ਨੇ ਕੀ ਜਵਾਬ ਦਿੱਤਾ ਜਦ ਉਨ੍ਹਾਂ ਤੇਲ ਨਾ ਖ਼ਰੀਦਣ ਬਾਰੇ ਕਿਹਾ। ਜੈਸ਼ੰਕਰ ਉਨ੍ਹਾਂ ਨੂੰ ਕਹਿ ਰਹੇ ਹਨ ਕਿ ਤੁਸੀਂ ਕੌਣ ਹੁੰਦੇ ਹੋ? ਉਨ੍ਹਾਂ ਕਿਹਾ ਕਿ ਯੂਰਪ ਰੂਸ ਤੋਂ ਗੈਸ ਲੈ ਰਿਹਾ ਹੈ ਤੇ ਅਸੀਂ ਲੋਕਾਂ ਦੀ ਲੋੜ ਮੁਤਾਬਕ ਤੇਲ ਲਵਾਂਗੇ। ਇਹ ਹੁੰਦੀ ਹੈ ਆਜ਼ਾਦ ਹਕੂਮਤ’। ਉਨ੍ਹਾਂ ਰੂਸ ਤੋਂ ਤੇਲ ਖ਼ਰੀਦਣ ਦੇ ਮਾਮਲੇ ਵਿਚ ਸ਼ਾਹਬਾਜ਼ ਸਰਕਾਰ ਦੇ ਅਮਰੀਕੀ  ਦਬਾਅ ਅੱਗੇ ਝੁਕਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ, ‘ਸ਼ਾਹਬਾਜ਼ ਸਰਕਾਰ ਅਮਰੀਕਾ ਨੂੰ ਨਾਂਹ ਨਹੀਂ ਕਹਿ ਸਕੀ ਤੇ ਝੁਕ ਗਈ ਜਦਕਿ ਤੇਲ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਮੈਂ ਇਸ ਗ਼ੁਲਾਮੀ ਦੇ ਖ਼ਿਲਾਫ਼ ਹਾਂ’। ਦੱਸਣਯੋਗ ਹੈ ਕਿ ਜੈਸ਼ੰਕਰ ਦੀ ਇਹ ਵੀਡੀਓ 3  ਜੂਨ ਦੀ ਹੈ ਜਦ ਉਨ੍ਹਾਂ ਸਲੋਵਾਕੀਆ ਦੇ ਸੰਮੇਲਨ ਵਿਚ ਤੇਲ ਖ਼ਰੀਦਣ ਦੇ   ਮਾਮਲੇ ’ਤੇ ਜਵਾਬ ਦਿੰਦਿਆਂ ਕਿਹਾ ਸੀ ਕਿ, ‘ਕੀ ਰੂਸ ਦੀ ਗੈਸ ਖ਼ਰੀਦਣ ਵਾਲੇ ਜੰਗ ਦੀ ਫੰਡਿੰਗ ਨਹੀਂ ਕਰ ਰਹੇ?’

Add a Comment

Your email address will not be published. Required fields are marked *