ਸ਼੍ਰੋਮਣੀ ਕਮੇਟੀ ਦਾ ਬਜਟ ਤਿਆਰ ਕਰਨ ਲਈ ਸੰਗਤ ਤੋਂ ਲਏ ਜਾਣਗੇ ਸੁਝਾਅ : ਭਾਈ ਗਰੇਵਾਲ

ਅੰਮ੍ਰਿਤਸਰ – ਇਸ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਤਿਆਰ ਕਰਨ ਲਈ ਸੰਗਤਾਂ ਦੇ ਸੁਝਾਅ ਵੀ ਅਹਿਮ ਹੋਣਗੇ। ਬਜਟ ਦੇ ਸਬੰਧ ਵਿਚ ਵਿਚਾਰ ਅਤੇ ਸੁਝਾਅ ਭੇਜਣ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਪਹਿਲੀ ਵਾਰ ਇਕ ਈਮੇਲ ਜਾਰੀ ਕੀਤੀ ਗਈ ਹੈ। ਬਜਟ ਇਜਲਾਸ ਅਗਲੇ ਮਹੀਨੇ ਮਾਰਚ ਵਿਚ ਸੱਦਿਆ ਜਾਣਾ ਹੈ, ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇਕ ਸਬ-ਕਮੇਟੀ ਗਠਤ ਕੀਤੀ ਗਈ ਹੈ। ਇਸ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅੰਤ੍ਰਿੰਗ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਗੁਰਬਖ਼ਸ਼ ਸਿੰਘ ਖਾਲਸਾ, ਸਰਵਨ ਸਿੰਘ ਕੁਲਾਰ ਤੇ ਕੁਲਵੰਤ ਸਿੰਘ ਮੰਨਣ ਸ਼ਾਮਲ ਹਨ।

ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਵਾਰ ਬਜਟ ਤਰਜੀਹਾਂ ਨਿਰਧਾਰਤ ਕਰਨ ਵਾਸਤੇ ਸਬ-ਕਮੇਟੀ ਦੇ ਵਿਚਾਰ ਮਸ਼ਵਰੇ ਤੋਂ ਇਲਾਵਾ ਸੰਗਤਾਂ ਦੇ ਸੁਝਾਅ ਵੀ ਲਏ ਜਾ ਰਹੇ ਹਨ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ sgpcbudgetsuggestions@gmail.com ਈਮੇਲ ਜਾਰੀ ਕੀਤੀ ਗਈ ਹੈ। ਇਸ ਈਮੇਲ ਨੂੰ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਮੰਚਾਂ ’ਤੇ ਵੀ ਉਭਾਰਿਆ ਜਾ ਰਿਹਾ ਹੈ। ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਹੈ ਕਿ ਬਜਟ ਨੂੰ ਲੈ ਕੇ ਆਪੋ-ਆਪਣੇ ਕੀਮਤੀ ਸੁਝਾਅ ਭੇਜਣ, ਤਾਂ ਜੋ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਬਜਟ ਤਿਆਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬਣਾਈ ਗਈ ਬਜਟ ਸਬ-ਕਮੇਟੀ ਦੀਆਂ ਇਕੱਤਰਤਾਵਾਂ ਬੀਤੇ ਇੱਕ ਮਹੀਨੇ ਤੋਂ ਜਾਰੀ ਹਨ, ਜਿਸ ਦੌਰਾਨ ਵੱਖ-ਵੱਖ ਵਿੱਤੀ ਪਹਿਲੂਆਂ ਨੂੰ ਵਿਚਾਰਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਹੁਣ ਸੰਗਤਾਂ ਦੇ ਸੁਝਾਅ ਵੀ ਅਤਿ ਅਹਿਮ ਹੋਣਗੇ।

Add a Comment

Your email address will not be published. Required fields are marked *