ਮਿਸ਼ੀਗਨ ਯੂਨੀਵਰਸਿਟੀ ’ਚ ਗੋਲੀਬਾਰੀ; ਤਿੰਨ ਹਲਾਕ

 14 ਫਰਵਰੀ-: ਮਿਸ਼ੀਗਨ ਸਟੇਟ ਯੂਨੀਵਰਸਿਟੀ ਵਿੱਚ ਸੋਮਵਾਰ ਰਾਤ ਨੂੰ ਇੱਕ ਬੰਦੂਕਧਾਰੀ ਵੱਲੋਂ ਕੀਤੀ ਗਈ ਗੋਲੀਬਾਰੀ ਕਾਰਨ ਤਿੰਨ ਵਿਅਕਤੀਆਂ ਮਾਰੇ ਗਏ ਅਤੇ ਪੰਜ ਜਣੇ ਜ਼ਖਮੀ ਹੋ ਗਏ। ਇਸ ਘਟਨਾ ਦੌਰਾਨ ਵਿਦਿਆਰਥੀ ਕਾਫ਼ੀ ਡਰ ਗਏ ਅਤੇ ਉਨ੍ਹਾਂ ਨੇ ਲੁਕ ਕੇ ਜਾਨ ਬਚਾਈ। ਇਸ ਦੌਰਾਨ ਕੈਂਪਸ ਦੇ ਬਾਹਰ ਬੰਦੂਕਧਾਰੀ ਵਿਅਕਤੀ ਵੱਲੋਂ ਖੁਦ ਨੂੰ ਗੋਲੀ ਮਾਰ ਲਈ ਗਈ। ਪੁਲੀਸ ਨੇ ਮੰਗਲਵਾਰ ਨੂੰ ਤੜਕੇ ਉਸ ਦੀ ਮੌਤ ਬਾਰੇ ਜਾਣਕਾਰੀ ਦਿੱਤੀ।  ਬੰਦੂਕਧਾਰੀ ਨੇ ਸਭ ਤੋਂ ਪਹਿਲਾਂ ਅਕੈਡਮਿਕ ਬਿਲਡਿੰਗ ਬਰਕੀ ਹਾਲ ਅਤੇ ਖਾਣ-ਪੀਣ ਵਾਲੀ ਥਾਂ ਐਮਐਸਯੂ ਯੂਨੀਅਨ ਨੇੜੇ ਗੋਲੀਬਾਰੀ ਕੀਤੀ। ਕੈਂਪਸ ਵਿਚਲੇ ਪੁਲੀਸ ਵਿਭਾਗ ਦੇ ਅਧਿਕਾਰੀ ਚੈਰਿਸ ਰੋਜ਼ਮਨ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ’ਤੇ ਸੈਂਕੜੇ ਅਫਸਰ ਈਸਟ ਲਾਂਸਿੰਗ ਕੈਂਪਸ ਵਿੱਚ ਪੁੱਜ ਗਏ। ਉਨ੍ਹਾਂ ਕਿਹਾ ਕਿ ਗੋਲੀਬਾਰੀ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲਾ ਵਿਅਕਤੀ ਛੋਟੇ ਕੱਦ ਦਾ ਸੀ, ਉਸ ਦਾ ਰੰਗ ਕਾਲਾ ਤੇ ਉਸ ਨੇ ਲਾਲ ਬੂਟ, ਜੀਨ ਦੀ ਜੈਕੇਟ ਅਤੇ ਟੋਪੀ ਪਹਿਨੀ ਹੋਈ ਸੀ। ਰੋਜ਼ਮਨ ਨੇ ਕਿਹਾ ਕਿ ਅਜੇ ਉਨ੍ਹਾਂ ਨੂੰ ਬਹੁਤਾ ਕੁਝ ਨਹੀਂ ਪਤਾ ਹੈ। ਉਨ੍ਹਾਂ ਕਿਹਾ ਕਿ ਬਰਕੀ ਵਿੱਚ ਦੋ ਵਿਅਕਤੀ ਅਤੇ ਐਮਐਸਯੂ ਯੂਨੀਅਨ ਵਿੱਚ ਇਕ ਵਿਅਕਤੀ ਮਾਰਿਆ ਗਿਆ ਹੈ।

ਦੂਜੇ ਪਾਸੇ ਸਪੈਰੋ ਹਸਪਤਾਲ ਦੇ ਤਰਜਮਾਨ ਜੋਹਨ ਫੋਰਨ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ਖ਼ਮੀ ਹੋਏ ਪੰਜ ਵਿਅਕਤੀਆਂ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਕੈਲੀ ਨਾਂ ਦੀ ਵਿਦਿਆਰਥਣ ਦਾ ਕਹਿਣਾ ਹੈ ਕਿ ਇਹ ਘਟਨਾ ਬਹੁਤ ਡਰਾਉਣੀ ਹੈ। ਜ਼ਿਕਰਯੋਗ ਹੈ ਕਿ ਮਿਸ਼ੀਗਨ ਸਟੇਟ ਵਿੱਚ 50 ਹਜ਼ਾਰ ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ। ਯੂਨੀਵਰਸਿਟੀ ਵਿੱਚ ਅਗਲੇ 48 ਘੰਟਿਆਂ ਲਈ ਸਾਰੀਆਂ ਗਤੀਵਿਧੀਆਂ ਰੋਕ ਦਿੱਤੀਆਂ ਗਈਆਂ ਹਨ।

Add a Comment

Your email address will not be published. Required fields are marked *