ਰੀਅਲ ਮੈਡਰਿਡ ਨੇ ਅਲ ਹਿਲਾਲ ਨੂੰ ਹਰਾ ਕੇ 8ਵੀਂ ਵਾਰ ਕਲੱਬ ਵਿਸ਼ਵ ਕੱਪ ਜਿੱਤਿਆ
ਰਬਾਤ/ਮੋਰੱਕੋ- ਵਿਨੀਸੀਅਸ ਜੂਨੀਅਰ ਨੇ 2 ਗੋਲ ਕੀਤੇ ਅਤੇ ਕਰੀਮ ਬੇਨਜੇਮਾ ਨੂੰ ਗੋਲ ਕਰਨ ਵਿਚ ਮਦਦ ਕੀਤੀ, ਜਿਸ ਨਾਲ ਰੀਅਲ ਮੈਡ੍ਰਿਡ ਨੇ ਕਲੱਬ ਵਿਸ਼ਪ ਕੱਪ ਫਾਈਨਲ ਵਿਚ ਸਾਊਦੀ ਅਰਬ ਦੇ ਅਲ ਹਿਲਾਲ ਨੂੰ 5-3 ਨਾਲ ਹਰਾ ਕੇ ਆਪਣੇ ਹੀ ਰਿਕਾਰਡ ਵਿਚ ਸੁਧਾਰ ਕਰਦੇ ਹੋਏ 8ਵੀਂ ਵਾਰ ਖ਼ਿਤਾਬ ਜਿੱਤਿਆ। ਸ਼ਨੀਵਾਰ ਨੂੰ ਫਾਈਨਲ ਵਿਚ ਯੂਰਪੀਅਨ ਚੈਂਪੀਅਨ ਰੀਅਲ ਮੈਡ੍ਰਿਡ ਵੱਲੋਂ 2 ਹੋਰ ਗੋਲ ਫੇਡੇਰਿਕੋ ਵੇਲਵਰਡੇ ਨੇ ਕੀਤੇ। ਅਲ ਹਿਲਾਲ ਦੀ ਟੀਮ ਮੈਚ ਵਿਚ ਕਦੇ ਬੜ੍ਹਤ ਨਹੀਂ ਬਣ ਸਕੀ ਪਰ ਉਸ ਨੇ ਸਾਬਿਤ ਕੀਤਾ ਕਿ ਬ੍ਰਾਜ਼ੀਲ ਦੇ ਕਲੱਬ ਫਲੇਮੇਂਗੋ ਨੂੰ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਉਣਾ ਤੁੱਕਾ ਨਹੀਂ ਸੀ। ਫਾਈਨਲ ਵਿਚ ਟੀਮ ਵੱਲੋਂ ਲੁਸਿਆਨੋ ਵੀਟੋ ਨੇ 2 ਜਦੋਂਕਿ ਮੋਸਾ ਮਾਰੇਗਾ ਨੇ 1 ਗੋਲ ਕੀਤਾ।
ਵਿਨੀਸਿਅਸ ਨੇ 13ਵੇਂ ਮਿੰਟ ਵਿਚ ਮੈਡ੍ਰਿਡ ਨੂੰ ਬੜ੍ਹਤ ਦਿਵਾਈ ਅਤੇ ਫਿਰ 69ਵੇਂ ਮਿੰਟ ਵਿਚ ਟੀਮ ਵੱਲੋਂ 5ਵਾਂ ਅਤੇ ਆਖ਼ਰੀ ਗੋਲ ਕੀਤਾ। ਇਸ ਤੋਂ ਪਹਿਲਾਂ ਟੈਂਜੀਅਰ ਵਿਚ ਫਲੇਮੇਂਗੋ ਨੇ ਤੀਜੇ ਸਥਾਨ ਦੇ ਮੁਕਾਬਲੇ ਵਿਚ ਮਿਸਰ ਦੇ ਕਲੱਬ ਅਲ ਆਹਲੀ ਨੂੰ 4-2 ਨਾਲ ਹਰਾਇਆ। ਦੱਖਣੀ ਅਮਰੀਕੀ ਚੈਂਪੀਅਨ ਫਲੇਮੇਂਗੋ ਵੱਲੋਂ ਪੇਡਰੋ ਅਤੇ ਗੈਬਰੀਅਲ ਨੇ 2-2 ਗੋਲ ਕੀਤੇ। ਅਲ ਆਹਲੀ ਵੱਲੋਂ ਦੋਵੇ ਗੋਲ ਅਹਿਮਦ ਅਬਦੇਲ ਕਾਦਿਰ ਨੇ ਕੀਤੇ।

